ਸੋਸ਼ਲ ਮੀਡੀਆ ‘ਤੇ ਹੋ ਰਹੇ ਵਿਰੋਧ ਅਤੇ ਪ੍ਰਿਯੰਕਾ-ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਵਿਵਾਦਾਂ ‘ਚ ਘਿਰੇ CBSE ਬੋਰਡ ਨੇ ਆਪਣੀ ਗਲਤੀ ਮੰਨ ਲਈ ਹੈ। ਬੋਰਡ ਨੇ ਇੱਕ ਸਰਕੂਲਰ ਜਾਰੀ ਕਰਕੇ ਕਿਹਾ ਸੀ ਕਿ 11 ਦਸੰਬਰ ਨੂੰ ਹੋਈ ਸੀਬੀਐਸਈ ਬੋਰਡ ਦੀ 10ਵੀਂ ਅੰਗਰੇਜ਼ੀ ਦੀ ਪ੍ਰੀਖਿਆ ਵਿੱਚ ਪੁੱਛਿਆ ਗਿਆ ਪੈਰਾਂ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਿਕ ਨਹੀਂ ਸੀ।
ਅਜਿਹੀ ਸਥਿਤੀ ਵਿੱਚ, ਬੋਰਡ ਇਸ ਪ੍ਰਸ਼ਨ ਲਈ ਸਾਰੇ ਵਿਦਿਆਰਥੀਆਂ ਨੂੰ ਪੂਰੇ ਅੰਕ ਦੇਵੇਗਾ। ਬੋਰਡ ਨੇ ਕਿਹਾ ਕਿ ਹਿੱਸੇਦਾਰਾਂ (stakeholders) ਤੋਂ ਫੀਡਬੈਕ ਲੈਣ ਤੋਂ ਬਾਅਦ, ਇਹ ਸਵਾਲ ਇੱਕ ਵਿਸ਼ਾ ਮਾਹਿਰ ਕਮੇਟੀ ਕੋਲ ਭੇਜਿਆ ਗਿਆ ਸੀ। ਕਮੇਟੀ ਨੇ ਵਿਚਾਰ ਕਰਨ ਤੋਂ ਬਾਅਦ ਪਾਇਆ ਕਿ ਸਵਾਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਹੀਂ ਸੀ। ਅਜਿਹੀ ਸਥਿਤੀ ਵਿੱਚ, ਬੋਰਡ ਪ੍ਰਸ਼ਨ ਪੱਤਰ ਲੜੀ JSK/1 ਲਈ ਸਾਰੇ ਵਿਦਿਆਰਥੀਆਂ ਨੂੰ ਪੂਰੇ ਅੰਕ ਦੇਵੇਗਾ।
ਦੱਸ ਦੇਈਏ ਕਿ ਸੀਬੀਐਸਈ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚ ਪੁੱਛੇ ਗਏ ਇੱਕ ਪੈਰੇ ਵਿੱਚ ਕਿਹਾ ਗਿਆ ਸੀ ਕਿ ਘਰਾਂ ਵਿੱਚ ਪਤਨੀਆਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਜਾਣ ਕਾਰਨ ਬੱਚੇ ਵਿਗੜਨੇ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਔਰਤਾਂ ਖਿਲਾਫ ਕਈ ਵਿਵਾਦਿਤ ਸ਼ਬਦਾਂ ਦੀ ਵਰਤੋਂ ਕੀਤੀ ਗਈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੇਪਰ ਦੇ ਸਕਰੀਨ ਸ਼ਾਟ ਸ਼ੇਅਰ ਕਰਕੇ ਲੋਕ ਬੋਰਡ ਨੂੰ ਘੇਰ ਰਹੇ ਹਨ। ਕਈ ਉਪਭੋਗਤਾਵਾਂ ਨੇ ਇਸ ਨੂੰ ਬੋਰਡ ਦੀ Regressive ਸੋਚ ਦੱਸਦਿਆਂ ਬੋਰਡ ਤੋਂ ਮੁਆਫੀ ਮੰਗਣ ਦੀ ਅਪੀਲ ਕੀਤੀ ਸੀ।
ਇਸ ਕੜੀ ‘ਚ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੇ ਵੀ ਬੋਰਡ ਨੂੰ ਟੈਗ ਕਰਕੇ ਟਵੀਟ ਕੀਤਾ ਸੀ ਅਤੇ ਬੋਰਡ ਦੇ ਨਾਲ-ਨਾਲ ਭਾਜਪਾ-ਆਰਐਸਐਸ ‘ਤੇ ਵੀ ਨਿਸ਼ਾਨਾ ਸਾਧਿਆ ਸੀ। ਇਸ ਤੋਂ ਪਹਿਲਾਂ ਵੀ ਸੀਬੀਐਸਈ 12ਵੀਂ ਦੇ ਸਮਾਜ ਸ਼ਾਸਤਰ ਦੇ ਪੇਪਰ ਵਿੱਚ ਗੁਜਰਾਤ ਦੰਗਿਆਂ ਨੂੰ ਲੈ ਕੇ ਪੁੱਛੇ ਗਏ ਸਵਾਲ ਨੂੰ ਲੈ ਕੇ ਵਿਵਾਦ ਹੋ ਚੁੱਕਾ ਹੈ। ਚੱਲ ਰਹੀਆਂ ਪ੍ਰੀਖਿਆਵਾਂ ਦੇ ਵਿਚਕਾਰ ਇਹ ਦੂਜਾ ਮਾਮਲਾ ਹੈ ਜਦੋਂ ਸੀਬੀਐਸਈ ਬੋਰਡ ਨੂੰ ਪ੍ਰਸ਼ਨ ਪੱਤਰ ਵਿੱਚ ਇਤਰਾਜ਼ਯੋਗ ਸਵਾਲ ਪੁੱਛਣ ਲਈ ਟ੍ਰੋਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: