ਸਿੱਖਾਂ ਦੇ ਧਾਰਮਿਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਰਾਤ ਨੂੰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਉੱਥੇ ਮੌਜੂਦ ਸੰਗਤਾਂ ਨੇ ਦੋਸ਼ੀ ਨੂੰ ਕਾਬੂ ਕਰ ਕੇ ਉਸਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੇਅਦਬੀ ਕਰਨ ਆਇਆ ਸ਼ਖਸ ਲਗਭਗ 9 ਘੰਟੇ ਤੱਕ ਸ੍ਰੀ ਦਰਬਾਰ ਸਾਹਿਬ ਵਿੱਚ ਹੀ ਰਿਹਾ। ਰਿਪੋਰਟਾਂ ਅਨੁਸਾਰ ਇਹ ਨੌਜਵਾਨ ਸਵੇਰੇ 11.40 ਵਜੇ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋ ਗਿਆ ਸੀ । ਹਾਲੇ ਤੱਕ ਦੋਸ਼ੀ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ ।
ਇਸ ਸਬੰਧੀ ਡਿਪਟੀ CM ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਉਸ ਕੋਲੋਂ ਮੋਬਾਇਲ ਅਤੇ ਕੋਈ ਪਛਾਣ ਪੱਤਰ ਨਹੀਂ ਮਿਲਿਆ । ਪੁਲਿਸ ਉਸ ਬਾਰੇ ਪੂਰੀ ਜਾਣਕਾਰੀ ਇਕੱਠੀ ਕਰ ਰਹੀ ਹੈ। ਰੰਧਾਵਾ ਨੇ ਕਿਹਾ ਕਿ ਆਉਣ ਵਾਲੇ ਦੋ ਦਿਨਾਂ ਵਿੱਚ ਨੌਜਵਾਨ ਦੀ ਪਛਾਣ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ। ਮੰਡੀਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਲਈ ਟੀਮ ਤਾਇਨਾਤ ਕੀਤੀ ਗਈ ਹੈ, ਤਾਂ ਜੋ ਮੁਲਜ਼ਮਾਂ ਦੀ ਹਰਕਤ ਦਾ ਪਤਾ ਲੱਗ ਸਕੇ। ਜੇਕਰ ਉਹ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਆਇਆ ਹੈ ਤਾਂ ਵੀ ਉਸ ਦੀ ਪੂਰੀ ਜਾਣਕਾਰੀ ਹਾਸਿਲ ਕੀਤੀ ਜਾਵੇਗੀ। ਪਰ ਇਸ ਲਈ ਉਨ੍ਹਾਂ ਨੂੰ ਦੋ ਦਿਨ ਦਾ ਸਮਾਂ ਚਾਹੀਦਾ ਹੈ।
ਇਹ ਵੀ ਪੜ੍ਹੋ: ਇੱਕ ਹੋਰ ਬੇਅਦਬੀ ਦੀ ਕੋਸ਼ਿਸ਼, ਕਪੂਰਥਲਾ ‘ਚ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਦਾ ਫੜਿਆ ਸ਼ਖ਼ਸ
ਉੱਥੇ ਹੀ ਦੂਜੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ 72 ਘੰਟੇ ਤੱਕ ਨਹੀਂ ਹੋ ਸਕੇਗਾ । ਉਸ ਦੀ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ । ਇਸ ਦੇ ਨਾਲ ਹੀ ਥਾਣਾ ਈ-ਡਵੀਜ਼ਨ ਦੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਧਾਰਾ 295A, 307 IPC ਤਹਿਤ ਕੇਸ ਦਰਜ ਕਰ ਲਿਆ ਹੈ । ਇਸ ਦੇ ਨਾਲ ਹੀ ਦਰਬਾਰ ਸਾਹਿਬ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਸ ਸਬੰਧੀ ਥਾਣਾ ਈ-ਡਵੀਜ਼ਨ ਦੀ ਐਸਐਚਓ ਸਤਿੰਦਰ ਕੌਰ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ । ਅਜੇ ਤੱਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ । ਨਿਯਮਾਂ ਅਨੁਸਾਰ ਸ਼ਨਾਖਤ ਲਈ ਲਾਸ਼ ਨੂੰ 72 ਘੰਟੇ ਤੱਕ ਆਪਣੇ ਕੋਲ ਰੱਖਣਾ ਜ਼ਰੂਰੀ ਹੈ । ਪਛਾਣ ਨਾ ਹੋਣ ‘ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸਸਕਾਰ ਕੀਤਾ ਜਾਵੇਗਾ। ਜੇਕਰ ਸ਼ਨਾਖਤ ਹੋ ਜਾਂਦੀ ਹੈ ਅਤੇ ਪਰਿਵਾਰਕ ਮੈਂਬਰ ਸਾਹਮਣੇ ਆਉਂਦੇ ਹਨ ਤਾਂ ਪੋਸਟਮਾਰਟਮ ਕਰਵਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: