happy birthday gul panag : ਅੱਜ ਗੁਲ ਪਨਾਗ ਦਾ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 3 ਜਨਵਰੀ 1979 ਨੂੰ ਚੰਡੀਗੜ੍ਹ ‘ਚ ਹੋਇਆ ਸੀ। ਉਸਦਾ ਅਸਲੀ ਨਾਮ ਗੁਲਕੀਰਤ ਕੌਰ ਪਨਾਗ ਹੈ। ਉਹ ਇੱਕ ਪਾਇਲਟ, ਫਾਰਮੂਲਾ ਕਾਰ ਰੇਸਰ, ਭਾਰਤੀ ਫ਼ਿਲਮ ਅਦਾਕਾਰਾ, ਵੀਓ ਕਲਾਕਾਰ ਅਤੇ ਸਿਆਸਤਦਾਨ ਹੈ। ਉਨ੍ਹਾਂ ਦੇ ਪਿਤਾ ਫੌਜ ਵਿੱਚ ਲੈਫਟੀਨੈਂਟ ਜਨਰਲ ਸਨ, ਜਿਸ ਕਾਰਨ ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਵੱਖ-ਵੱਖ ਸਕੂਲਾਂ ਤੋਂ ਕੀਤੀ। ਗੁਲ ਆਪਣੀ ਪੜ੍ਹਾਈ ਦੌਰਾਨ ਖੇਡਾਂ ਅਤੇ ਜਨਤਕ ਭਾਸ਼ਣਾਂ ਵਿੱਚ ਦਿਲਚਸਪੀ ਲੈਂਦੀ ਸੀ।
ਗੁਲ ਪਨਾਗ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਸਨੇ ਮਿਸ ਫੇਮਿਨਾ ਮਿਸ ਇੰਡੀਆ ਵਿੱਚ ਹਿੱਸਾ ਲਿਆ। ਉਸਨੇ ਸਾਲ 1999 ਵਿੱਚ ਮਿਸ ਇੰਡੀਆ ਅਤੇ ਮਿਸ ਬਿਊਟੀਫੁੱਲ ਦਾ ਖਿਤਾਬ ਜਿੱਤਿਆ ਸੀ। ਗੁਲ ਪਨਾਗ ਆਪਣੀ ਖੂਬਸੂਰਤ ਮੁਸਕਾਨ ਲਈ ਮਿਸ ਬਿਊਟੀਫੁੱਲ ਸਮਾਇਲ ਦਾ ਖਿਤਾਬ ਵੀ ਜਿੱਤ ਚੁੱਕੀ ਹੈ। ਗੁਲ ਪਨਾਗ ਨੇ 2003 ‘ਚ ਫਿਲਮ ‘ਧੂਪ’ ਨਾਲ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਗੁਲ ਪਨਾਗ ਨੇ ਇਕ ਤੋਂ ਬਾਅਦ ਇਕ ਜੁਰਮ, ਡੋਰ, ਨੌਰਮਾ ਸਿਕਸ ਫੀਟ ਅੰਡਰ, ਹੈਲੋ, ਸਟ੍ਰੇਟ ਅਤੇ ਰਨ ਵਰਗੀਆਂ ਕਈ ਫਿਲਮਾਂ ਵਿਚ ਵੀ ਕੰਮ ਕੀਤਾ। ਸਾਲ 2008 ‘ਚ ਗੁਲ ਪਨਾਗ ਮੈਕਸਿਮ ਮੈਗਜ਼ੀਨ ਲਈ ਕਰਵਾਏ ਗਏ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ ‘ਚ ਰਹੀ ਸੀ। ਹਿੰਦੀ ਫਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਫਿਲਮਾਂ ‘ਚ ਵੀ ਕੰਮ ਕੀਤਾ ਹੈ।
ਗੁਲ ਬਾਲੀਵੁੱਡ ‘ਚ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਗੁਲ ਪਨਾਗ ਨੂੰ ਆਖਰੀ ਵਾਰ ਵੈੱਬ ਸੀਰੀਜ਼ 420 ਆਈਪੀਸੀ ਵਿੱਚ ਦੇਖਿਆ ਗਿਆ ਸੀ। ਗੁਲ ਪਨਾਗ ਨੇ ਸਾਲ 2011 ਵਿੱਚ ਆਪਣੇ ਬਚਪਨ ਦੇ ਪਾਇਲਟ ਦੋਸਤ ਰਿਸ਼ੀ ਅਟਾਰੀ ਨਾਲ ਵਿਆਹ ਕੀਤਾ ਸੀ। ਇਸ ਵਿਆਹ ਦੀ ਕਾਫੀ ਚਰਚਾ ਹੋਈ ਸੀ। ਕਿਉਂਕਿ ਵਿਦਾਈ ਬੁਲੇਟ ‘ਤੇ ਹੋਈ ਸੀ। ਗੁਲ ਪਨਾਗ ਨੂੰ ‘ਆਪ’ ਨੇ ਚੰਡੀਗੜ੍ਹ ਸੰਸਦੀ ਸੀਟ ਤੋਂ ਉਮੀਦਵਾਰ ਬਣਾਇਆ ਸੀ। ਪਰ ਉਸ ਨੂੰ ਕਿਰਨ ਖੇਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਦੋਂ ਤੋਂ ਗੁਲ ਪਨਾਗ ਸਿਆਸੀ ਦ੍ਰਿਸ਼ ਤੋਂ ਲਗਭਗ ਗਾਇਬ ਹੈ। ਗੁਲ ਪਨਾਗ ਉਨ੍ਹਾਂ ਕੁਝ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਫਿਲਮਾਂ ਤੋਂ ਇਲਾਵਾ ਬਾਈਕ ਚਲਾਉਣ ਅਤੇ ਹਵਾਈ ਜਹਾਜ਼ ਉਡਾਉਣ ਦੀ ਸ਼ੌਕੀਨ ਹੈ। ਗੁਲ ਪਨਾਗ ਇੱਕ ਪ੍ਰਮਾਣਿਤ ਪਾਇਲਟ ਹੈ। ਤੁਹਾਨੂੰ ਦੱਸ ਦੇਈਏ ਕਿ ਗੁਲ ਪਨਾਗ ਕੋਲ ਕਮਰਸ਼ੀਅਲ ਪਾਇਲਟ ਦਾ ਲਾਇਸੈਂਸ ਵੀ ਹੈ।