ਦਿੱਲੀ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 20,181 ਨਵੇਂ ਮਾਮਲੇ ਸਾਹਮਣੇ ਆਏ ਅਤੇ ਸੱਤ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ ਸੰਕਰਮਣ ਦੀ ਦਰ ਵਧ ਕੇ 19.60 ਫ਼ੀਸਦ ਹੋ ਗਈ। ਇਹ ਜਾਣਕਾਰੀ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਵਿੱਚ ਦਿੱਤੀ ਗਈ ਹੈ। ਅੰਕੜਿਆਂ ਅਨੁਸਾਰ, ਇੱਕ ਦਿਨ ਪਹਿਲਾਂ 1,02,965 ਕੋਵਿਡ ਟੈਸਟ ਕੀਤੇ ਗਏ ਸਨ। ਇਨ੍ਹਾਂ ਵਿੱਚ 79,946 RT-PCR ਸ਼ਾਮਲ ਹਨ ਜਦਕਿ ਬਾਕੀ ਰੈਪਿਡ ਐਂਟੀਜੇਨ ਟੈਸਟ ਹਨ। ਹਸਪਤਾਲਾਂ ਵਿੱਚ ਲਗਭਗ 1,586 ਮਰੀਜ਼ ਦਾਖਲ ਹਨ। ਇਨ੍ਹਾਂ ‘ਚੋਂ 375 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। ਇਨ੍ਹਾਂ 375 ਮਰੀਜ਼ਾਂ ਵਿੱਚੋਂ 27 ਵੈਂਟੀਲੇਟਰ ‘ਤੇ ਹਨ। ਦਿੱਲੀ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 48,178 ਹੈ। ਇਨ੍ਹਾਂ ਵਿੱਚੋਂ 25,909 ਹੋਮ ਆਈਸੋਲੇਸ਼ਨ ਵਿੱਚ ਹਨ।
ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੇ 1,59,632 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਕੱਲ੍ਹ ਦੇਸ਼ ਵਿੱਚ 1,41,986 ਮਾਮਲੇ ਸਾਹਮਣੇ ਆਏ ਸਨ। ਮੱਧ ਪ੍ਰਦੇਸ਼ ‘ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ 1,572 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 7,99,287 ਹੋ ਗਈ ਹੈ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ ਇਨਫੈਕਸ਼ਨ ਨਾਲ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ। ਹਾਲਾਂਕਿ ਹੁਣ ਤੱਕ ਇਸ ਬਿਮਾਰੀ ਕਾਰਨ ਕੁੱਲ 10,536 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉੱਤਰਾਖੰਡ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਦੇ 1560 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਪਿਛਲੇ ਸਾਲ 29 ਮਈ ਤੋਂ ਬਾਅਦ ਸਭ ਤੋਂ ਵੱਧ ਹੈ, ਜਦੋਂ ਇੱਕ ਦਿਨ ਵਿੱਚ 1687 ਲੋਕ ਸੰਕਰਮਿਤ ਪਾਏ ਗਏ ਸਨ। ਸ਼ਨੀਵਾਰ ਨੂੰ ਕੋਵਿਡ-19 ਦੀ ਜਾਂਚ ਦੌਰਾਨ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਪੰਜਾਬ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਸੰਕਰਮਿਤ ਪਾਏ ਗਏ।
ਸਿਹਤ ਮੰਤਰਾਲੇ ਨੇ ਕਿਹਾ ਕਿ 15 ਤੋਂ 18 ਸਾਲ ਦੀ ਉਮਰ ਵਰਗ ਵਿੱਚ ਕੋਵਿਡ-19 ਵਿਰੋਧੀ ਵੈਕਸੀਨ ਦੀਆਂ ਦੋ ਕਰੋੜ ਤੋਂ ਵੱਧ ਪਹਿਲੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਵੈਕਸੀਨ ਦੀਆਂ ਖੁਰਾਕਾਂ ਦੀ ਗਿਣਤੀ 151.47 ਕਰੋੜ ਨੂੰ ਪਾਰ ਕਰ ਗਈ ਹੈ। ਸ਼ਨੀਵਾਰ ਸ਼ਾਮ 7 ਵਜੇ ਤੱਕ ਵੈਕਸੀਨ ਦੀਆਂ 79 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: