ਕੇਰਲ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਤਿੰਨ ਸਾਲਾਂ ‘ਚ 13 ਵਾਰ ਇੱਕ ਨਨ ਨਾਲ ਜ਼ਬਰ ਜਨਾਹ ਕਰਨ ਦੇ ਆਰੋਪੀ ਕੈਥੋਲਿਕ ਬਿਸ਼ਪ ਫਰੈਂਕੋ ਮੁਲੱਕਲ ਨੂੰ ਬਰੀ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਹੈ। ਇਸ ਮਾਮਲੇ ਵਿੱਚ 39 ਲੋਕਾਂ ਨੇ ਵੀ ਅਦਾਲਤ ਵਿੱਚ ਗਵਾਹੀ ਦਿੱਤੀ ਸੀ।
ਇਸ ਫੈਸਲੇ ਦੇ ਦੀ ਉਡੀਕ ਵਿੱਚ ਕੋਟਾਯਮ ਜ਼ਿਲ੍ਹਾ ਅਦਾਲਤੀ ਕੰਪਲੈਕਸ ਸ਼ੁੱਕਰਵਾਰ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਸਨ। ਪੀੜਤਾ ਅਤੇ ਉਸ ਦੇ ਕੁੱਝ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਬਿਸ਼ਪ ਸਮਰਥਕ ਅਤੇ ਆਮ ਲੋਕ ਮੌਜੂਦ ਸਨ। ਜ਼ਿਲ੍ਹਾ ਜੱਜ ਜੀ. ਗੋਪਾਕੁਮਾਰ ਨੇ ਕਿਹਾ ਕਿ ਕੋਟਾਯਮ ਕਾਨਵੈਂਟ ਦੀ ਨਨ ਦੁਆਰਾ ਲਗਾਏ ਗਏ ਜ਼ਬਰ ਜਨਾਹ ਦੇ ਇਲਜ਼ਾਮ ਸੱਚ ਨਹੀਂ ਹਨ। ਇਹ ਸੁਣ ਕੇ ਅਦਾਲਤ ‘ਚ ਮੌਜੂਦ ਸਾਰੇ ਲੋਕ ਇੱਕ -ਦੂਜੇ ਵੱਲ ਹੈਰਾਨੀ ਨਾਲ ਦੇਖਦੇ ਰਹੇ। ਕਿਸੇ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਬਿਸ਼ਪ ਨੂੰ ਬਰੀ ਕਰ ਦਿੱਤਾ ਗਿਆ ਹੈ।
ਇਸ ਲੜਾਈ ‘ਚ ਨਨ ਦਾ ਸਾਥ ਦੇਣ ‘ਤੇ ਬਰਖਾਸਤਗੀ ਦਾ ਸਾਹਮਣਾ ਕਰ ਰਹੀ ਸਿਸਟਰ ਲੂਸੀ ਨੇ ਉਮੀਦ ਜਤਾਈ ਕਿ ਅੰਤ ‘ਚ ਅਸੀਂ ਕਾਨੂੰਨੀ ਲੜਾਈ ਜਿੱਤਾਂਗੇ। 105 ਦਿਨ ਚੱਲੀ ਸੁਣਵਾਈ ਵਿੱਚ 39 ਗਵਾਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ। 122 ਦਸਤਾਵੇਜ਼ ਪੇਸ਼ ਕੀਤੇ ਗਏ ਸਨ। 10 ਜਨਵਰੀ ਨੂੰ ਸੁਣਵਾਈ ਪੂਰੀ ਹੋਈ ਸੀ। ਲੜਾਈ ਵਿੱਚ ਪੀੜਤ ਦਾ ਸਾਥ ਦੇਣ ਵਾਲੇ ਲੋਕ ਫੈਸਲਾ ਸੁਣ ਕੇ ਰੋ ਪਏ। ਸਿਸਟਰਅਨੁਪਮਾ ਨੇ ਕਿਹਾ, ਅਸੀਂ ਨਹੀਂ ਮੰਨਦੇ ਕਿ ਅਜਿਹਾ ਫੈਸਲਾ ਆਇਆ ਹੈ। ਲੱਗਦਾ ਹੈ ਕਿ ਅਮੀਰ ਅਤੇ ਤਾਕਤਵਰ ਕੁੱਝ ਵੀ ਕਰ ਸਕਦੇ ਹਨ।
ਦਰਅਸਲ, ਕੈਥੋਲਿਕ ਚਰਚ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਬਿਸ਼ਪ ‘ਤੇ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਜੂਨ 2018 ਵਿੱਚ, ਕੇਰਲ ਦੀ ਇੱਕ ਨਨ ਨੇ ਲੈਟਿਨ ਕੈਥੋਲਿਕ ਚਰਚ ਦੇ ਜਲੰਧਰ ਡਾਇਓਸਿਸ ਦੇ ਬਿਸ਼ਪ ਵਿਰੁੱਧ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਸੀ ਕਿ 2014 ਤੋਂ 2016 ਦਰਮਿਆਨ ਕੇਰਲ ਦੇ ਦੌਰੇ ਦੌਰਾਨ ਬਿਸ਼ਪ ਨੇ ਉਸ ਨਾਲ 13 ਵਾਰ ਬਲਾਤਕਾਰ ਕੀਤਾ ਸੀ।
ਇਸ ਮਾਮਲੇ ‘ਚ ਐਸਆਈਟੀ ਮੁਖੀ ਨੇ ਕਿਹਾ ਕਿ ਇਸ ਫੈਸਲੇ ਨੇ ਨਿਆਂ ਪ੍ਰਣਾਲੀ ਨੂੰ ਝਟਕਾ ਦਿੱਤਾ ਹੈ, ਐਸਆਈਟੀ ਮੁਖੀ ਐਸ ਹਰੀਸ਼ੰਕਰ ਨੇ ਕਿਹਾ, ਇਹ ਫੈਸਲਾ ਮੰਦਭਾਗਾ ਹੈ। ਨਿਆਂ ਪ੍ਰਣਾਲੀ ਲਈ ਹੈਰਾਨ ਕਰਨ ਵਾਲਾ ਫੈਸਲਾ ਹੈ। ਇਹ ਦਲੀਲ ਮੰਨਣਯੋਗ ਨਹੀਂ ਹੈ ਕਿ ਬਲਾਤਕਾਰ ਦੇ ਸਮੇਂ ਔਰਤ ਨੂੰ ਸ਼ਿਕਾਇਤ ਕਰਨੀ ਚਾਹੀਦੀ ਸੀ। ਫੈਸਲੇ ਨੂੰ ਚੁਣੌਤੀ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: