ਟੋਕੀਓ ਓਲੰਪਿਕ 2020 ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਨੇ ਮਣੀਪੁਰ ਪੁਲਿਸ ਦੇ ਐਡੀਸ਼ਨਲ ਸੁਪਰਡੈਂਟ ਆਫ ਪੁਲਿਸ (ਖੇਡਾਂ) ਦਾ ਅਹੁਦਾ ਸੰਭਾਲ ਲਿਆ ਹੈ।
ਇਸ ਦੀ ਜਾਣਕਾਰੀ ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਟਵਿੱਟਰ ‘ਤੇ ਦਿੱਤੀ ਹੈ। ਮੀਰਾਬਾਈ ਚਾਨੂ ਨੇ ਓਲੰਪਿਕ ਖੇਡਾਂ ਦੇ ਪਹਿਲੇ ਹੀ ਦਿਨ ਭਾਰਤ ਨੂੰ ਪਹਿਲਾ ਤਮਗਾ ਦਿਵਾ ਕੇ ਇਤਿਹਾਸ ਰਚ ਦਿੱਤਾ ਸੀ। ਉਸ ਨੇ 49 ਕਿਲੋ ਵਰਗ ਵਿੱਚ 202 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਮੀਰਾਬਾਈ ਚਾਨੂ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਸੀ। ਪੀਵੀ ਸਿੰਧੂ ਤੋਂ ਬਾਅਦ ਮੀਰਾਬਾਈ ਓਲੰਪਿਕ ਦੇ ਇਤਿਹਾਸ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਹੈ।
ਮੀਰਾਬਾਈ ਚਾਨੂ ਦਾ ਜਨਮ 8 ਅਗਸਤ 1994 ਨੂੰ ਇੰਫਾਲ ਦੇ ਨੌਂਗਪੋਕ ਕਾਕਚਿੰਗ ਪਿੰਡ ਵਿੱਚ ਹੋਇਆ ਸੀ। ਮੀਰਾਬਾਈ ਦੇ ਪੰਜ ਭੈਣ-ਭਰਾ ਹਨ। ਅਕਸਰ ਪਰਿਵਾਰ ਨੂੰ ਚੁੱਲ੍ਹਾ ਬਾਲਣ ਲਈ ਲੱਕੜਾਂ ਲਿਆਉਣੀਆਂ ਪੈਂਦੀਆਂ ਸਨ। ਮੀਰਾਬਾਈ ਲੱਕੜ ਦੇ ਭਾਰੀ ਬੰਡਲ ਆਪਣੇ ਮੋਢੇ ‘ਤੇ ਬੜੀ ਆਸਾਨੀ ਨਾਲ ਚੁੱਕ ਲੈਂਦੀ ਸੀ, ਜਦਕਿ ਉਸ ਦੇ ਭਰਾ ਨੂੰ ਇਸ ਲਈ ਸੰਘਰਸ਼ ਕਰਨਾ ਪੈਂਦਾ ਸੀ। ਜਦੋਂ ਮੀਰਾਬਾਈ ਚਾਨੂ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ। ਫਿਰ ਉਸ ਨੇ ਕਿਤਾਬ ਵਿੱਚ ਭਾਰਤ ਦੀ ਮਹਾਨ ਵੇਟਲਿਫਟਰ ਕੁੰਜਰਾਣੀ ਦੇਵੀ ਦੀ ਸਫਲਤਾ ਦੀ ਕਹਾਣੀ ਪੜ੍ਹੀ। ਉੱਥੇ ਹੀ ਉਸ ਦੀ ਕਿਸਮਤ ਬਦਲ ਗਈ। ਇਸ ਤੋਂ ਬਾਅਦ ਉਸ ਨੇ ਵੇਟਲਿਫਟਰ ਬਣਨ ਦਾ ਫੈਸਲਾ ਕੀਤਾ। ਬਾਅਦ ਵਿੱਚ ਸਾਬਕਾ ਅੰਤਰਰਾਸ਼ਟਰੀ ਵੇਟਲਿਫਟਰ ਅਨੀਤਾ ਚਾਨੂ ਉਨ੍ਹਾਂ ਦੀ ਕੋਚ ਬਣੀ।
ਵੀਡੀਓ ਲਈ ਕਲਿੱਕ ਕਰੋ -: