ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੰਗਲਵਾਰ ਨੂੰ ਸੰਸਦ ਵਿੱਚ ਵਿੱਤੀ ਸਾਲ 2022-23 ਲਈ ਕੇਂਦਰੀ ਬਜਟ 2022 ਪੇਸ਼ ਕਰਨ ਪਿੱਛੋਂ ਕਾਂਗਰਸ ਸਣੇ ਵਿਰੋਧੀ ਪਾਰਟੀਆਂ ਦੇ ਹਮਲੇ ਸ਼ੁਰੂ ਹੋ ਗਏ ਹਨ। ਕਈ ਨੇਤਾਵਾਂ ਨੇ ਬਜਟ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਬਜਟ ਵਿੱਚ ਨੌਕਰੀਪੇਸ਼ਾ, ਮਿਡਲ ਕਲਾਸ, ਗਰੀਬ, ਨੌਜਵਾਨਾਂ ਤੇ ਕਿਸਾਨਾਂ ਲਈ ਕੁਝ ਨਹੀਂ ਰੱਖਿਆ ਗਿਆ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, “ਭਾਰਤ ਦਾ ਨੌਕਰੀਪੇਸ਼ਾ ਵਰਗ ਅਤੇ ਮੱਧ ਵਰਗ ਮਹਾਂਮਾਰੀ ਦੇ ਇਸ ਦੌਰ ਵਿੱਚ, ਤਨਖਾਹਾਂ ਵਿੱਚ ਹਰ ਪਾਸਿਓਂ ਕਟੌਤੀ ਅਤੇ ਮਹਿੰਗਾਈ ਵਿੱਚ ਰਾਹਤ ਦੀ ਉਮੀਦ ਕਰ ਰਹੇ ਸਨ। ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਆਪਣੇ ਸਿੱਧੇ ਟੈਕਸ ਨਾਲ ਜੁੜੇ ਕਦਮਾਂ ਨਾਲ ਇਨ੍ਹਾਂ ਵਰਗਾਂ ਨੂੰ ਇਕ ਵਾਰ ਫਿਰ ਬਹੁਤ ਨਿਰਾਸ਼ ਕੀਤਾ ਹੈ।” ਉਨ੍ਹਾਂ ਦੋਸ਼ ਲਾਇਆ ਕਿ ਇਹ ਨੌਕਰੀਪੇਸ਼ਾ ਅਤੇ ਮੱਧ ਵਰਗ ਨਾਲ ਧੋਖਾ ਹੈ।
ਸੁਰਜੇਵਾਲਾ ਨੇ ਇਹ ਵੀ ਪੁੱਛਿਆ ਕਿ ਕੀ ਸਰਕਾਰ ਨੇ ‘ਕ੍ਰਿਪਟੋ ਕਰੰਸੀ’ ਤੋਂ ਹੋਣ ਵਾਲੀ ਆਮਦਨ ‘ਤੇ ਟੈਕਸ ਲਗਾ ਕੇ ਬਿੱਲ ਲਿਆਏ ਬਿਨਾਂ ‘ਕ੍ਰਿਪਟੋ ਕਰੰਸੀ’ ਨੂੰ ਕਾਨੂੰਨੀ ਕਰਾਰ ਕਰ ਦਿੱਤਾ ਹੈ?
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਡੇਰੇਕ ਓ ਬ੍ਰਾਇਨ ਨੇ ਦਾਅਵਾ ਕੀਤਾ ਕਿ ਬਜਟ ਸਾਬਤ ਕਰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ, ਗਰੀਬਾਂ ਅਤੇ ਮੱਧ ਵਰਗ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਟਵੀਟ ਕੀਤਾ, ”ਹੀਰੇ ਸਰਕਾਰ ਦੇ ਸਭ ਤੋਂ ਚੰਗੇ ਦੋਸਤ ਹਨ। ਪ੍ਰਧਾਨ ਮੰਤਰੀ ਨੂੰ ਕਿਸਾਨਾਂ, ਮੱਧ ਵਰਗ, ਦਿਹਾੜੀਦਾਰ ਮਜ਼ਦੂਰਾਂ, ਬੇਰੁਜ਼ਗਾਰਾਂ ਦੀ ਕੋਈ ਪ੍ਰਵਾਹ ਨਹੀਂ ਹੈ।”