ਇੱਕ 80 ਸਾਲਾ ਔਰਤ ਨੇ ਆਪਣੀ ਪਛਾਣ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਪ੍ਰਭਾ ਸੂਦ ਨੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਸ ਨੇ 2002 ਵਿੱਚ ਆਪਣਾ ਨਾਂ ਸ਼ਸ਼ੀ ਸੂਦ ਤੋਂ ਬਦਲ ਕੇ ਪ੍ਰਭਾ ਸੂਦ ਰੱਖ ਲਿਆ ਸੀ। ਉਸ ਕੋਲ ਨਵੇਂ ਨਾਂ ਲਈ ਕਿਸੇ ਕਿਸਮ ਦਾ ਫੋਟੋ ਪਛਾਣ-ਪੱਤਰ ਨਹੀਂ ਹੈ। ਇਸ ਕਾਰਨ ਉਹ ਆਪਣੇ ਅਤੇ ਆਪਣੇ ਮਰਹੂਮ ਪਤੀ ਦਾ ਬੈਂਕ ਵਿੱਚ ਜਮ੍ਹਾਂ ਪੈਸਾ ਨਹੀਂ ਲੈ ਪਾ ਰਹੀ ਹੈ।
ਔਰਤ ਨੇ ਆਪਣੇ ਬਦਲੇ ਹੋਏ ਨਾਂ ਨੂੰ ਮਨਜ਼ੂਰੀ ਦਿਵਾਉਣ ਲਈ ਇਸ ਨੂੰ ਗਜ਼ਟ ਵਿਚ ਪ੍ਰਕਾਸ਼ਿਤ ਕਰਨ ਦੀ ਅਪੀਲ ਕੀਤੀ ਹੈ। ਪਟੀਸ਼ਨ ਦਾਇਰ ਕਰਨ ਵਾਲੀ ਔਰਤ ਨੇ ਕਿਹਾ ਕਿ ਉਸ ਦਾ ਜਨਮ 1941 ਵਿੱਚ ਹੋਇਆ ਸੀ। ਉਸਦਾ ਵਿਆਹ 1963 ਵਿੱਚ ਰਾਮ ਪ੍ਰਕਾਸ਼ ਸੂਦ ਨਾਲ ਹੋਇਆ ਸੀ। ਉਸ ਦੇ ਪਤੀ ਦਾ 2009 ਵਿੱਚ ਦਿਹਾਂਤ ਹੋ ਗਿਆ ਸੀ। ਉਸ ਕੋਲ ਕੋਈ ਫੋਟੋ ਪਛਾਣ-ਪੱਤਰ ਨਹੀਂ ਸੀ। ਬੈਂਕ ਅਧਿਕਾਰੀ ਖਾਤੇ ਨੂੰ ਚਾਲੂ ਰੱਖਣ ਲਈ ਉਨ੍ਹਾਂ ਤੋਂ ਇਹ ਦਸਤਾਵੇਜ਼ ਮੰਗ ਰਹੇ ਹਨ।
ਉਸ ਦਾ ਕਹਿਣਾ ਹੈ ਕਿ 1999 ਵਿੱਚ ਉਸ ਨੇ ਬੈਂਕ ਖਾਤਾ ਖੋਲ੍ਹਿਆ ਸੀ। ਫਿਰ ਉਸਨੇ ਸ਼ਸ਼ੀ ਸੂਦ ਦੇ ਨਾਂ ਹੇਠ ਸ਼ੇਅਰ ਅਤੇ ਮਿਊਚਲ ਫੰਡ ਖਰੀਦੇ। ਸਾਲ 2000 ਤੱਕ ਉਹ ਇਸ ਖਾਤੇ ਤੋਂ ਸ਼ੇਅਰ ਅਤੇ ਮਿਊਚਲ ਫੰਡ ਖਰੀਦਦੀ ਰਹੀ। ਹੁਣ ਕੇਵਾਈਸੀ ਲਈ ਉਨ੍ਹਾਂ ਕੋਲ ਨਾ ਤਾਂ ਵੋਟਰ ਕਾਰਡ ਹੈ ਅਤੇ ਨਾ ਹੀ ਪੈਨ ਕਾਰਡ।
ਪਟੀਸ਼ਨਰ ਨੇ ਦੱਸਿਆ ਕਿ ਉਸ ਨੂੰ 2012 ਵਿੱਚ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਕਾਨੂੰਨੀ ਵਾਰਸ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ। ਉਸ ਨੇ ਦਿੱਲੀ ਦੇ ਪ੍ਰਕਾਸ਼ਨ ਵਿਭਾਗ ਨੂੰ ਤੈਅ ਫਾਰਮੈਟ ਵਿੱਚ ਇੱਕ ਰਜਿਸਟਰਡ ਬਿਨੈ-ਪੱਤਰ ਸੌਂਪਿਆ ਸੀ, ਜਿਸ ਵਿੱਚ ਸਾਰੇ ਜ਼ਰੂਰੀ ਦਸਤਾਵੇਜ਼ ਨੱਥੀ ਕੀਤੇ ਗਏ ਸਨ, ਤਾਂ ਜੋ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਜਾ ਸਕੇ ਕਿ ਉਸ ਨੇ ਆਪਣਾ ਨਾਮ ਸ਼ਸ਼ੀ ਪ੍ਰਭਾ ਸੂਦ, ਸ਼ਸ਼ੀ ਅਤੇ ਸ਼ਸ਼ੀ ਸੂਦ ਤੋਂ ਬਦਲ ਕੇ ਪ੍ਰਭਾ ਸੂਦ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਵਿਭਾਗ ਨੇ ਕੁਝ ਇਤਰਾਜ਼ ਉਠਾਉਂਦੇ ਹੋਏ ਉਸ ਦਾ ਬਦਲਿਆ ਹੋਇਆ ਨਾਂ ਭਾਰਤ ਦੇ ਸਰਕਾਰੀ ਗਜ਼ਟ ਵਿਚ ਪ੍ਰਕਾਸ਼ਿਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਸਟਿਸ ਵੀ. ਕਾਮੇਸ਼ਵਰ ਰਾਓ ਨੇ ਪਟੀਸ਼ਨਕਰਤਾ ਨੂੰ ਅਧਿਕਾਰੀਆਂ ਵੱਲੋਂ ਪਹਿਲਾਂ ਜਾਰੀ ਕੀਤਾ ਹਲਫਨਾਮਾ ਅਤੇ ਸਰਟੀਫਿਕੇਟ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 12 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ।