ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ। ਬੀਜੇਪੀ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਖ਼ੁਦ ਪੀ.ਐੱਮ. ਮੋਦੀ ਨੇ ਕਮਾਨ ਸੰਭਾਲੀ ਹੈ। ਉਹ 8 ਤੇ 9 ਫ਼ਰਵਰੀ ਨੂੰ ਸੂਬੇ ਵਿੱਚ ਵਰਚੁਅਲ ਰੈਲੀ ਕਰਨ ਜਾ ਰਹੇ ਹਨ, ਜਿਸ ਵਿੱਚ ਉਹ ਆਮ ਲੋਕਾਂ ਅਤੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਨਗੇ। ਪਰ ਇਸ ਤੋਂ ਪਹਿਲਾਂ ਹੀ ਪੀ.ਐੱਮ. ਮੋਦੀ ਦਾ ਇੱਕ ਅਨੋਖਾ ਰੂਪ ਵੇਖਣ ਨੂੰ ਮਿਲਿਆ।
ਪੀਐਮ ਮੋਦੀ ਸ਼ਨੀਵਾਰ ਨੂੰ ਹੈਦਰਾਬਾਦ ਵਿੱਚ ICRISAT ਦੇ ਗੋਲਡਨ ਜੁਬਲੀ ਸਮਾਰੋਹ ਵਿਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਕਾਰ ਰੁਕਵਾ ਕੇ ICRISAT ਫਾਰਮ ਦੇ ਖੇਤ ਦਾ ਵੀ ਦੌਰਾ ਕੀਤਾ। ICRISAT ਪਿਛਲੇ 50 ਸਾਲਾਂ ਤੋਂ ਖੇਤੀ ਉਤਪਾਦਨ ਵਧਾਉਣ ਲਈ ਨਵੇਂ ਪ੍ਰਯੋਗ ਅਤੇ ਖੋਜ ਕਰ ਰਿਹਾ ਹੈ। ਸੰਸਥਾ ਦੇ ਪਤੰਚੇਰੂ ਕੈਂਪਸ ਦੇ ਅੰਦਰ ਇੱਕ ਵੱਡਾ ਖੇਤੀਬਾੜੀ ਫਾਰਮ ਵੀ ਹੈ। ਪੀਐਮ ਮੋਦੀ ਨੇ ਆਪਣੇ ਰੁਝੇਵਿਆਂ ਵਿੱਚ ਕੁਝ ਸਮਾਂ ਕੱਢ ਕੇ ਖੇਤਾਂ ਵਿੱਚ ਫਸਲਾਂ ਨੂੰ ਦੇਖਿਆ।
ਪੀਐਮ ਮੋਦੀ ਨੇ ਸਮਾਰੋਹ ਵਿੱਚ ਕਿਹਾ ਕਿ ਤੁਹਾਡੇ ਕੋਲ 5 ਦਹਾਕਿਆਂ ਦਾ ਤਜਰਬਾ ਹੈ। ਇਹਨਾਂ 5 ਦਹਾਕਿਆਂ ਵਿੱਚ ਤੁਸੀਂ ਭਾਰਤ ਸਮੇਤ ਦੁਨੀਆ ਦੇ ਇੱਕ ਵੱਡੇ ਹਿੱਸੇ ਵਿੱਚ ਖੇਤੀਬਾੜੀ ਖੇਤਰ ਦੀ ਮਦਦ ਕੀਤੀ ਹੈ। ਤੁਹਾਡੀ ਖੋਜ, ਤੁਹਾਡੀ ਤਕਨੀਕ ਨੇ ਔਖੇ ਹਾਲਾਤਾਂ ਵਿੱਚ ਖੇਤੀ ਨੂੰ ਆਸਾਨ ਅਤੇ ਟਿਕਾਊ ਬਣਾ ਦਿੱਤਾ ਹੈ। ਸਾਡੀ ਸਰਕਾਰ ਨੇ ਅਜਿਹੇ ਬੁਨਿਆਦੀ ਢਾਂਚੇ ਲਈ ਇੱਕ ਗਲੋਬਲ ਇੰਸਟੀਚਿਊਟ ਸ਼ੁਰੂ ਕੀਤਾ ਹੈ ਅਤੇ ਅੱਜ ਅਸੀਂ ਖੇਤੀਬਾੜੀ ਲਈ ਵੀ ਅਜਿਹਾ ਹੀ ਇੱਕ ਸੰਸਥਾਨ ਦਾ ਉਦਘਾਟਨ ਕਰ ਰਹੇ ਹਾਂ।
ਉੱਥੇ ਖੇਤਾਂ ‘ਚ ਚਨਿਆਂ ਨੂੰ ਦੇਖ ਕੇ ਪੀਐੱਮ ਮੋਦੀ ਉੱਥੇ ਗਏ ਅਤੇ ਚਨੇ ਦੀ ਫਲੀ ਤੋਂ ਚਨੇ ਦਾ ਦਾਣਾ ਵੱਖ ਕੀਤਾ ਅਤੇ ਉਸ ਦਾ ਸਵਾਦ ਮਾਣਿਆ। ਪ੍ਰਧਾਨ ਮੰਤਰੀ ਕੁਝ ਦੇਰ ਖੇਤਾਂ ‘ਚ ਰਹੇ ਅਤੇ ਫਿਰ ਤੈਅ ਪ੍ਰੋਗਰਾਮ ਮੁਤਾਬਕ ਅੱਗੇ ਵਧੇ।
ਇਸ ਪਿੱਛੋਂ ਪੀ.ਐੱਮ. ਮੋਦੀ ਨੇ ਟਵਿੱਟਰ ‘ਤੇ ਆਪਣੀਆਂ ਫੋਟੋਆਂ ਪੋਸਟ ਕੀਤੀਆਂ ਤੇ ਲਿਖਿਆ ਕਿ ICRISAT ਕੈਂਪਸ ਵਿਖੇ ਖੇਤੀਬਾੜੀ ਦੇ ਆਧੁਨਿਕੀਕਰਨ ਅਤੇ ਇਸ ਖੇਤਰ ਵਿੱਚ ਨਵੀਨਤਾ ਨੂੰ ਮਜ਼ਬੂਤ ਕਰਨ ਦੇ ਕੁਝ ਯਤਨਾਂ ਦਾ ਨਿਰੀਖਣ ਕੀਤਾ।