ਟੀਮ ਇੰਡੀਆ ਨੇ ਐਤਵਾਰ ਨੂੰ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਵੈਸਟਇੰਡੀਜ਼ ਨੂੰ ਆਸਾਨੀ ਨਾਲ ਹਰਾ ਦਿੱਤਾ ਹੈ । ਇਹ ਭਾਰਤੀ ਟੀਮ ਦਾ 1000ਵਾਂ ਵਨਡੇ ਮੈਚ ਸੀ, ਨਾਲ ਹੀ ਰੋਹਿਤ ਸ਼ਰਮਾ ਦੇ ਫੁੱਲ-ਟਾਈਮ ਕਪਤਾਨ ਬਣਨ ਤੋਂ ਬਾਅਦ ਇਹ ਪਹਿਲਾ ਵਨਡੇ ਮੈਚ ਸੀ । ਅਜਿਹੇ ਵਿੱਚ ਭਾਰਤ ਲਈ ਵੈਸਟਇੰਡੀਜ਼ ਖਿਲਾਫ ਮਿਲੀ 6 ਵਿਕਟਾਂ ਦੀ ਇਹ ਜਿੱਤ ਇਤਿਹਾਸਕ ਸੀ। ਕਪਤਾਨ ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਖਿਲਾਫ ਇਸ ਮੈਚ ਵਿੱਚ ਸ਼ਾਨਦਾਰ ਪਾਰੀ ਖੇਡੀ।
ਇਸ ਮੁਕਾਬਲੇ ਵਿੱਚ ਸਿਰਫ 177 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਰੋਹਿਤ ਅਤੇ ਈਸ਼ਾਨ ਨੇ ਚੰਗੀ ਸ਼ੁਰੂਆਤ ਦਿਵਾਈ ਅਤੇ ਪਹਿਲੀ ਵਿਕਟ ਲਈ 84 ਦੌੜਾਂ ਜੋੜੀਆਂ । ਰੋਹਿਤ ਸ਼ਰਮਾ ਨੇ 51 ਗੇਂਦਾਂ ‘ਤੇ 60 ਦੌੜਾਂ ਬਣਾਉਣ ਤੋਂ ਬਾਅਦ ਆਪਣੀ ਵਿਕਟ ਗੁਆ ਦਿੱਤੀ, ਉਨ੍ਹਾਂ ਨੇ ਆਪਣੀ ਪਾਰੀ ਵਿੱਚ 10 ਚੌਕੇ ਅਤੇ 1 ਛੱਕਾ ਲਗਾਇਆ । ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਵਿਰਾਟ ਕੋਹਲੀ (8 ਦੌੜਾਂ) ਨੇ ਵੀ ਆਪਣੀ ਵਿਕਟ ਜਲਦੀ ਗੁਆ ਦਿੱਤੀ । ਭਾਰਤ ਵੱਲੋਂ ਅੰਤ ਵਿੱਚ ਸੂਰਿਆਕੁਮਾਰ ਯਾਦਵ (ਨਾਬਾਦ 34 ਦੌੜਾਂ) ਅਤੇ ਡੈਬਿਊ ਕਰਨ ਵਾਲੇ ਦੀਪਕ ਹੁੱਡਾ (ਨਾਬਾਦ 26 ਦੌੜਾਂ) ਨੇ ਕ੍ਰੀਜ਼ ‘ਤੇ ਰਹਿ ਕੇ ਭਾਰਤ ਨੂੰ ਜਿੱਤ ਦਿਵਾਈ।
ਇਸ ਮੈਚ ਵਿੱਚ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ । ਭਾਰਤੀ ਟੀਮ ਨੇ ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੈਸਟਇੰਡੀਜ਼ ਨੂੰ ਸਿਰਫ 176 ਦੌੜਾਂ ‘ਤੇ ਆਲਆਊਟ ਕਰ ਦਿੱਤਾ । ਟੀਮ ਇੰਡੀਆ ਵੱਲੋਂ ਸਪਿਨਰਾਂ ਨੇ ਅਸਲੀ ਕਮਾਲ ਦਿਖਾਇਆ। ਇਸ ਮੁਕਾਬਲੇ ਵਿੱਚ ਭਾਰਤ ਵੱਲੋਂ ਯੁਜਵੇਂਦਰ ਚਾਹਲ ਨੇ ਚਾਰ ਅਤੇ ਵਾਸ਼ਿੰਗਟਨ ਸੁੰਦਰ ਨੇ ਤਿੰਨ ਵਿਕਟਾਂ ਲਈਆਂ । ਇਸੇ ਮੈਚ ਵਿੱਚ ਯੁਜਵੇਂਦਰ ਚਾਹਲ ਨੇ ਵਨਡੇ ਕਰੀਅਰ ਵਿੱਚ ਆਪਣੀਆਂ 100 ਵਿਕਟਾਂ ਵੀ ਪੂਰੀਆਂ ਕੀਤੀਆਂ । ਜੇਕਰ ਤੇਜ਼ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਪ੍ਰਸਿੱਧ ਕ੍ਰਿਸ਼ਨਾ ਨੇ ਦੋ ਅਤੇ ਮੁਹੰਮਦ ਸਿਰਾਜ ਨੇ ਇੱਕ ਵਿਕਟ ਹਾਸਿਲ ਕੀਤੀ।
ਦੱਸ ਦੇਈਏ ਕਿ ਇਹ ਮੈਚ ਭਾਰਤ ਲਈ ਹੀ ਨਹੀਂ ਬਲਕਿ ਵਿਸ਼ਵ ਕ੍ਰਿਕਟ ਲਈ ਬਹੁਤ ਮਹੱਤਵਪੂਰਨ ਸੀ । ਕਿਉਂਕਿ ਟੀਮ ਇੰਡੀਆ ਦੁਨੀਆ ਦੀ ਪਹਿਲੀ ਅਜਿਹੀ ਟੀਮ ਬਣ ਗਈ ਹੈ, ਜਿਸ ਨੇ 1000 ਵਨਡੇ ਮੈਚ ਖੇਡੇ ਹਨ । ਭਾਰਤ ਨੇ ਇਸ ਇਤਿਹਾਸਕ ਮੌਕੇ ਦਾ ਜਸ਼ਨ ਜਿੱਤ ਨਾਲ ਮਨਾਇਆ। ਭਾਰਤ ਦੀ ਵਨਡੇ ਇਤਿਹਾਸ ਵਿੱਚ ਇਹ 519ਵੀਂ ਜਿੱਤ ਹੈ। ਟੀਮ ਇੰਡੀਆ ਜਿੱਤ ਦੇ ਮਾਮਲੇ ਵਿੱਚ ਆਸਟ੍ਰੇਲੀਆ ਤੋਂ ਬਾਅਦ ਦੂਜੇ ਨੰਬਰ ‘ਤੇ ਹੈ।
ਵੀਡੀਓ ਲਈ ਕਲਿੱਕ ਕਰੋ -: