ਭਾਰਤ ਨੇ ਕੋਲਕਾਤਾ ਵਿੱਚ ਖੇਡੇ ਗਏ ਟੀ-20 ਸੀਰੀਜ਼ ਦੇ ਪਹਿਲੇ ਅਤੇ ਰੋਮਾਂਚਕ ਮੈਚ ਵਿੱਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ । ਵੈਸਟਇੰਡੀਜ਼ ਨੇ ਭਾਰਤ ਨੂੰ ਜਿੱਤ ਲਈ 158 ਦੌੜਾਂ ਦਾ ਟੀਚਾ ਦਿੱਤਾ ਸੀ । ਇਸਦੇ ਜਵਾਬ ਵਿੱਚ ਟੀਮ ਇੰਡੀਆ ਨੇ ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ ਦੀ ਧਮਾਕੇਦਾਰ ਪਾਰੀ ਦੇ ਦਮ ‘ਤੇ ਮੈਚ ਜਿੱਤ ਲਿਆ। ਅੰਤ ਵਿੱਚ ਵੈਂਕਟੇਸ਼ ਅਈਅਰ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਭਾਰਤ ਲਈ ਡੈਬਿਊ ਮੈਚ ਖੇਡਣ ਵਾਲੇ ਨੌਜਵਾਨ ਗੇਂਦਬਾਜ਼ ਰਵੀ ਬਿਸ਼ਨੋਈ ਨੇ ਵੀ ਦੋ ਵਿਕਟਾਂ ਆਪਣੇ ਨਾਂ ਕੀਤੀਆਂ।
ਵੈਸਟਇੰਡੀਜ਼ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਲਈ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਓਪਨਿੰਗ ਕਰਨ ਆਏ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ। ਰੋਹਿਤ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ 19 ਗੇਂਦਾਂ ਵਿੱਚ 40 ਦੌੜਾਂ ਬਣਾਈਆਂ। ਉਸ ਦੀ ਇਸ ਪਾਰੀ ਵਿੱਚ 3 ਛੱਕੇ ਅਤੇ 4 ਚੌਕੇ ਸ਼ਾਮਿਲ ਰਹੇ । ਜਦਕਿ ਈਸ਼ਾਨ ਨੇ 42 ਗੇਂਦਾਂ ਦਾ ਸਾਹਮਣਾ ਕਰਦਿਆਂ 35 ਦੌੜਾਂ ਬਣਾਈਆਂ, ਜਿਸ ਵਿੱਚ 4 ਚੌਕੇ ਸ਼ਾਮਿਲ ਹਨ।
ਇਸ ਤੋਂ ਇਲਾਵਾ ਸਾਬਕਾ ਕਪਤਾਨ ਵਿਰਾਟ ਕੋਹਲੀ 13 ਗੇਂਦਾਂ ਵਿੱਚ 17 ਦੌੜਾਂ ਬਣਾ ਕੇ ਆਊਟ ਹੋ ਗਏ,ਜਦਕਿ ਰਿਸ਼ਭ ਪੰਤ ਇਸ ਮੁਕਾਬਲੇ ਵਿੱਚ ਕੁਝ ਖਾਸ ਨਹੀਂ ਕਰ ਸਕੇ। ਪੰਤ ਸਿਰਫ਼ 8 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ । ਅੰਤ ਵਿੱਚ ਸੂਰਿਆਕੁਮਾਰ ਯਾਦਵ ਅਤੇ ਵੈਂਕਟੇਸ਼ ਅਈਅਰ ਨੇ ਟੀਮ ਇੰਡੀਆ ਨੂੰ ਜਿੱਤ ਦਿਵਾਈ । ਸੂਰਿਆਕੁਮਾਰ ਨੇ 18 ਗੇਂਦਾਂ ‘ਤੇ ਨਾਬਾਦ 34 ਦੌੜਾਂ ਬਣਾਈਆਂ। ਉਸ ਨੇ ਇਸ ਪਾਰੀ ਵਿੱਚ 5 ਚੌਕੇ ਅਤੇ 1 ਛੱਕਾ ਲਗਾਇਆ । ਜਦਕਿ ਵੈਂਕਟੇਸ਼ ਨੇ 13 ਗੇਂਦਾਂ ਵਿੱਚ 24 ਦੌੜਾਂ ਬਣਾਈਆਂ । ਇਸ ਤਰ੍ਹਾਂ ਭਾਰਤ ਨੇ 18.5 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਬਣਾ ਕੇ ਮੈਚ ਜਿੱਤ ਲਿਆ ।
ਉੱਥੇ ਹੀ ਦੂਜੇ ਪਾਸੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 157 ਦੌੜਾਂ ਬਣਾਈਆਂ । ਟੀਮ ਲਈ ਨਿਕੋਲਸ ਪੂਰਨ ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ । ਉਸ ਨੇ 43 ਗੇਂਦਾਂ ‘ਤੇ 61 ਦੌੜਾਂ ਬਣਾਈਆਂ । ਪੂਰਨ ਦੀ ਪਾਰੀ ਵਿੱਚ 5 ਛੱਕੇ ਅਤੇ 4 ਚੌਕੇ ਸ਼ਾਮਿਲ ਸਨ। ਮੇਅਰਸ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ 31 ਦੌੜਾਂ ਦਾ ਯੋਗਦਾਨ ਦਿੱਤਾ । ਇਸ ਦੇ ਨਾਲ ਹੀ ਕੀਰਨ ਪੋਲਾਰਡ ਅੰਤ ਵਿੱਚ 24 ਦੌੜਾਂ ਬਣਾ ਕੇ ਨਾਬਾਦ ਰਿਹਾ।
ਦੱਸ ਦੇਈਏ ਕਿ ਭਾਰਤ ਲਈ ਡੈਬਿਊ ਮੈਚ ਖੇਡ ਰਹੇ ਰਵੀ ਬਿਸ਼ਨੋਈ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ । ਉਸ ਨੇ 4 ਓਵਰਾਂ ਵਿੱਚ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਦੇ ਨਾਲ ਹੀ ਹਰਸ਼ਲ ਪਟੇਲ ਨੇ 37 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ । ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ ਅਤੇ ਦੀਪਕ ਚਾਹਰ ਨੂੰ ਵੀ ਇੱਕ-ਇੱਕ ਸਫਲਤਾ ਮਿਲੀ।
ਵੀਡੀਓ ਲਈ ਕਲਿੱਕ ਕਰੋ -: