ਟੀਮ ਇੰਡੀਆ ਨੇ ਟੀ-20 ਸੀਰੀਜ਼ ਦੇ ਤੀਜੇ ਮੈਚ ਵਿੱਚ ਵੈਸਟਇੰਡੀਜ਼ ਨੂੰ 17 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ 3-0 ਨਾਲ ਕਬਜ਼ਾ ਕਰ ਲਿਆ ਹੈ । ਭਾਰਤ ਨੇ ਵਨਡੇ ਤੋਂ ਬਾਅਦ ਹੁਣ ਟੀ-20 ਸੀਰੀਜ਼ ਵਿੱਚ ਵੀ ਕਲੀਨ ਸਵੀਪ ਕਰ ਦਿੱਤਾ ਹੈ। ਟੀਮ ਲਈ ਸੂਰਿਆਕੁਮਾਰ ਯਾਦਵ ਨੇ ਤੂਫਾਨੀ ਅਰਧ ਸੈਂਕੜਾ ਲਗਾਇਆ, ਜਦਕਿ ਵੈਂਕਟੇਸ਼ ਅਈਅਰ ਨੇ ਆਲਰਾਊਂਡਰ ਪ੍ਰਦਰਸ਼ਨ ਦੇ ਕੇ ਟੀਮ ਨੂੰ ਜਿੱਤ ਦਿਵਾਈ। ਕੋਲਕਾਤਾ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਵੈਸਟਇੰਡੀਜ਼ ਲਈ ਨਿਕੋਲਸ ਪੂਰਨ ਨੇ 61 ਦੌੜਾਂ ਦੀ ਵਧੀਆ ਪਾਰੀ ਖੇਡੀ।
ਭਾਰਤ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 167 ਦੌੜਾਂ ਹੀ ਬਣਾ ਸਕੀ । ਟੀਮ ਲਈ ਨਿਕੋਲਸ ਪੂਰਨ ਨੇ ਚੰਗੀ ਪਾਰੀ ਖੇਡੀ । ਉਸ ਨੇ 47 ਗੇਂਦਾਂ ‘ਤੇ 61 ਦੌੜਾਂ ਬਣਾਈਆਂ । ਉਸ ਦੀ ਇਸ ਪਾਰੀ ਵਿੱਚ 8 ਚੌਕੇ ਅਤੇ ਇੱਕ ਛੱਕਾ ਸ਼ਾਮਿਲ ਹੈ, ਜਦਕਿ ਰੋਵਮੈਨ ਪਾਵੇਲ ਨੇ 14 ਗੇਂਦਾਂ ‘ਤੇ 25 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ ਦੋ ਚੌਕੇ ਅਤੇ ਦੋ ਛੱਕੇ ਸ਼ਾਮਿਲ ਸੀ।
ਇਹ ਵੀ ਪੜ੍ਹੋ: ਰਾਘਵ ਚੱਢਾ ਬੋਲੇ- ‘ਪੰਜਾਬ ‘ਚ ‘ਆਪ’ ਪੂਰੇ ਬਹੁਮਤ ਨਾਲ ਬਣਾਏਗੀ ਸਰਕਾਰ, ਫਿਰ BJP ਨੂੰ ਦੇਵਾਂਗੇ ਟੱਕਰ’
ਕਪਤਾਨ ਕਾਯਰਨ ਪੋਲਾਰਡ ਸਿਰਫ਼ 5 ਦੌੜਾਂ ਬਣਾ ਕੇ ਆਊਟ ਹੋ ਗਏ । ਉੱਥੇ ਹੀ ਜੇਸਨ ਹੋਲਡਰ 2 ਦੌੜਾਂ ਬਣਾ ਕੇ ਆਊਟ ਹੋ ਗਏ । ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਵੈਂਕਟੇਸ਼ ਅਈਅਰ ਨੇ ਆਊਟ ਕੀਤਾ । ਰੋਸਟਨ ਚੇਜ਼ 12 ਅਤੇ ਸਲਾਮੀ ਬੱਲੇਬਾਜ਼ ਸ਼ਾਈ ਹੋਪ 8 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਮੇਅਰਸ ਵੀ ਸਿਰਫ਼ 6 ਦੌੜਾਂ ਹੀ ਬਣਾ ਸਕੇ।
ਉੱਥੇ ਹੀ ਦੂਜੇ ਪਾਸੇ ਟੀਮ ਇੰਡੀਆ ਲਈ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਦੀਪਕ ਚਾਹਰ ਨੇ 2 ਵਿਕਟਾਂ ਲਈਆਂ । ਉਨ੍ਹਾਂ ਨੇ 1.5 ਓਵਰਾਂ ਵਿੱਚ 15 ਦੌੜਾਂ ਦਿੱਤੀਆਂ । ਇਸ ਦੌਰਾਨ ਉਹ ਜ਼ਖਮੀ ਹੋ ਗਿਆ ਅਤੇ ਉਸਨੂੰ ਮੈਚ ਵਿੱਚੋਂ ਬਾਹਰ ਜਾਣਾ ਪਿਆ। ਵੈਂਕਟੇਸ਼ ਅਈਅਰ ਨੇ 2.1 ਓਵਰਾਂ ਵਿੱਚ 23 ਦੌੜਾਂ ਦੇ ਕੇ 2 ਵਿਕਟਾਂ ਆਪਣੇ ਨਾਮ ਕੀਤੀਆਂ । ਡੈਬਿਊ ਮੈਚ ਖੇਡਣ ਵਾਲੇ ਅਵੇਸ਼ ਖ਼ਾਨ ਨੂੰ ਇੱਕ ਵੀ ਵਿਕਟ ਨਹੀਂ ਮਿਲੀ। ਜਦਕਿ ਹਰਸ਼ਲ ਪਟੇਲ ਨੇ 3 ਵਿਕਟਾਂ ਲਈਆਂ।
ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ। ਇਸ ਦੌਰਾਨ ਸੂਰਿਆਕੁਮਾਰ ਯਾਦਵ ਨੇ ਤੂਫਾਨੀ ਪਾਰੀ ਖੇਡੀ । ਉਸ ਨੇ 31 ਗੇਂਦਾਂ ‘ਤੇ 65 ਦੌੜਾਂ ਬਣਾਈਆਂ, ਜਦਕਿ ਵੈਂਕਟੇਸ਼ ਅਈਅਰ ਨੇ 19 ਗੇਂਦਾਂ ਵਿੱਚ ਨਾਬਾਦ 35 ਦੌੜਾਂ ਬਣਾਈਆਂ।
ਵੀਡੀਓ ਲਈ ਕਲਿੱਕ ਕਰੋ -: