ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਨੂੰ ਯੂਕਰੇਨ ‘ਤੇ ਹਮਲਾ ਕਰ ਦਿੱਤਾ ਹੈ। ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 9 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਦੇ ਕਈ ਪਿੰਡਾਂ ‘ਤੇ ਵੀ ਰੂਸੀ ਫੌਜ ਨੇ ਕਬਜ਼ਾ ਕਰ ਲਿਆ ਹੈ। ਇੱਥੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਸ ਵਿਚਾਲੇ ਬੇਲਾਰੂਸ ਬਾਰਡਰ ‘ਤੇ ਵੀ ਰੂਸ ਨੇ ਹਮਲਾ ਕਰ ਦਿੱਤਾ ਹੈ। ਰੂਸ ਵੱਲੋਂ ਯੂਕਰੇਨ ਨੂੰ ਤਿੰਨ ਪਾਸਿਓਂ ਘੇਰ ਕੇ ਹਮਲਾ ਕੀਤਾ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਮਿਜ਼ਾਈਲ ਹਮਲੇ ਤੋਂ ਬਾਅਦ ਰੂਸ ਨੇ ਯੂਕਰੇਨ ਵਿੱਚ ਹੁਣ ਟੈਂਕ ਨਬਾਲ ਵੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਾਂ ਅਨੁਸਾਰ ਯੂਕਰੇਨ ਦੇ ਮਾਰਿਯੁਪੋਲ ਸ਼ਹਿਰ ਵਿੱਚ ਰੂਸੀ ਫੌਜ ਦੇ ਕਈ ਟੈਂਕ ਦਾਖਲ ਹੋ ਗਏ ਹਨ। ਉੱਥੇ ਹੀ ਦੂਜੇ ਪਾਸੇ ਏਅਰਪੋਰਟ ਦੇ ਨੇੜੇ ਵੀ ਹਮਲਾ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਦੱਸ ਦੇਈਏ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਵੀਰਵਾਰ ਨੂੰ ਯੂਕਰੇਨ ਖਿਲਾਫ ਫੌਜੀ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੂਕਰੇਨ-ਰੂਸ ਯੁੱਧ ਨੂੰ ਟਾਲਿਆ ਨਹੀਂ ਜਾ ਸਕਦਾ। ਵਲਾਦਿਮਿਰ ਪੁਤਿਨ ਵੱਲੋਂ ਕਿਹਾ ਗਿਆ ਹੈ ਕਿ ਰੂਸ ਵਿਸ਼ੇਸ਼ ਫੌਜੀ ਮੁਹਿੰਮ ਸ਼ੁਰੂ ਕਰ ਰਿਹਾ ਹੈ । ਇਸਦਾ ਟੀਚਾ ਯੂਕਰੇਨ ਦਾ ਗੈਰ-ਫੌਜੀਕਰਨ ਹੈ। ਯੂਕਰੇਨ ਦੀ ਫੌਜ ਨੂੰ ਪੁਤਿਨ ਨੇ ਹਥਿਆਰ ਸੁੱਟਣ ਅਤੇ ਘਰ ਜਾਣ ਲਈ ਕਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: