ਟੀਮ ਇੰਡੀਆ ਨੇ ਟੀ-20 ਸੀਰੀਜ਼ ਦੇ ਦੂਜੇ ਮੈਚ ਵਿੱਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ । ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਲਈ ਸ਼੍ਰੇਅਸ ਅਈਅਰ ਨੇ ਤੂਫਾਨੀ ਅਰਧ ਸੈਂਕੜਾ ਲਗਾਇਆ । ਇਸ ਦੇ ਨਾਲ ਹੀ ਰਵਿੰਦਰ ਜਡੇਜਾ ਅਤੇ ਸੰਜੂ ਸੈਮਸਨ ਨੇ ਵੀ ਅਹਿਮ ਯੋਗਦਾਨ ਦਿੱਤਾ।
ਇਸ ਮੁਕਾਬਲੇ ਵਿੱਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 184 ਦੌੜਾਂ ਦਾ ਟੀਚਾ ਦਿੱਤਾ। ਜਿਸਦੇ ਜਵਾਬ ਵਿੱਚ ਭਾਰਤ ਨੇ 17.1 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ ਇਹ ਟੀਚਾ ਹਾਸਿਲ ਕਰ ਲਿਆ । ਭਾਰਤ ਲਈ ਸ਼੍ਰੇਅਸ ਅਈਅਰ ਅਤੇ ਰਵਿੰਦਰ ਜਡੇਜਾ ਨੇ ਤੂਫਾਨੀ ਪਾਰੀਆਂ ਖੇਡੀਆਂ । ਅਈਅਰ ਨੇ 44 ਗੇਂਦਾਂ ‘ਤੇ ਨਾਬਾਦ 74 ਦੌੜਾਂ ਬਣਾਈਆਂ । ਉਸ ਦੀ ਪਾਰੀ ਵਿੱਚ 4 ਛੱਕੇ ਅਤੇ 6 ਚੌਕੇ ਸ਼ਾਮਿਲ ਸਨ, ਜਦਕਿ ਜਡੇਜਾ ਨੇ 18 ਗੇਂਦਾਂ ‘ਤੇ ਨਾਬਾਦ 45 ਦੌੜਾਂ ਬਣਾਈਆਂ। ਜਡੇਜਾ ਨੇ 7 ਚੌਕੇ ਅਤੇ 1 ਛੱਕਾ ਲਗਾਇਆ।
ਇਹ ਵੀ ਪੜ੍ਹੋ: ਯੂਕਰੇਨ ਦੇ ਰਾਸ਼ਟਰਪਤੀ ਦੀ ਅਮਰੀਕਾ ਨੂੰ ਦੋ-ਟੁਕ, ‘ਭੱਜਾਂਗਾ ਨਹੀਂ, ਮਦਦ ਕਰਨੀ ਹੈ ਤਾਂ ਹਥਿਆਰ ਦਿਓ’
ਇਸ ਮੁਕਾਬਲੇ ਵਿੱਚ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ । ਕਪਤਾਨ ਰੋਹਿਤ ਸ਼ਰਮਾ ਸਿਰਫ਼ ਇੱਕ ਦੌੜ ਬਣਾ ਕੇ ਆਊਟ ਹੋ ਗਏ । ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਵੀ ਸਿਰਫ਼ 16 ਦੌੜਾਂ ਹੀ ਬਣਾ ਸਕਿਆ । ਇਸ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਸੰਜੂ ਸੈਮਸਨ ਵਿਚਾਲੇ ਚੰਗੀ ਸਾਂਝੇਦਾਰੀ ਹੋਈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਭਾਰਤੀ ਟੀਮ ਦੇ ਸਕੋਰ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਇਸ ਤੋਂ ਬਾਅਦ ਸੰਜੂ ਆਊਟ ਹੋ ਗਿਆ । ਉਸ ਨੇ 25 ਗੇਂਦਾਂ ‘ਤੇ 39 ਦੌੜਾਂ ਬਣਾਈਆਂ। ਸੈਮਸਨ ਦੀ ਪਾਰੀ ਵਿੱਚ 3 ਛੱਕੇ ਅਤੇ 2 ਚੌਕੇ ਸ਼ਾਮਿਲ ਰਹੇ।
ਇਸ ਮੁਕਾਬਲੇ ਵਿੱਚ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾਈ ਟੀਮ ਲਈ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਨੇ ਜ਼ਬਰਦਸਤ ਪਾਰੀ ਖੇਡੀ। ਉਸ ਨੇ 53 ਗੇਂਦਾਂ ‘ਤੇ 75 ਦੌੜਾਂ ਬਣਾਈਆਂ। ਨਿਸਾਂਕਾ ਦੀ ਪਾਰੀ ਵਿੱਚ 11 ਚੌਕੇ ਸ਼ਾਮਿਲ ਸਨ। ਇਸ ਦੇ ਨਾਲ ਹੀ ਕਪਤਾਨ ਸ਼ੰਕਾ ਨੇ ਤੂਫਾਨੀ ਪਾਰੀ ਖੇਡੀ। ਉਹ 19 ਗੇਂਦਾਂ ਵਿੱਚ 47 ਦੌੜਾਂ ਬਣਾ ਕੇ ਨਾਬਾਦ ਰਿਹਾ। ਸਲਾਮੀ ਬੱਲੇਬਾਜ਼ ਗੁਣਾਥਿਲਕਾ ਨੇ ਚੰਗਾ ਯੋਗਦਾਨ ਪਾਇਆ । ਉਸ ਨੇ 29 ਗੇਂਦਾਂ ‘ਤੇ 38 ਦੌੜਾਂ ਬਣਾਈਆਂ । ਇਸ ਤੋਂ ਇਲਾਵਾ ਕੋਈ ਵੀ ਖਿਡਾਰੀ ਕੁਝ ਖਾਸ ਨਹੀਂ ਕਰ ਸਕਿਆ।
ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਟੀਮ ਇੰਡੀਆ ਲਈ ਜਸਪ੍ਰੀਤ ਬੁਮਰਾਹ ਅਤੇ ਯੁਜਵੇਂਦਰ ਚਾਹਲ ਨੇ ਚੰਗੀ ਗੇਂਦਬਾਜ਼ੀ ਕੀਤੀ । ਬੁਮਰਾਹ ਨੇ 4 ਓਵਰਾਂ ਵਿੱਚ 24 ਦੌੜਾਂ ਦੇ ਕੇ ਇੱਕ ਵਿਕਟ ਲਈ। ਇਸ ਦੇ ਨਾਲ ਹੀ ਚਹਿਲ ਨੇ 4 ਓਵਰਾਂ ਵਿੱਚ 27 ਦੌੜਾਂ ਦੇ ਕੇ ਇੱਕ ਵਿਕਟ ਲਈ। ਉਨ੍ਹਾਂ ਦੇ ਨਾਲ ਭੁਵਨੇਸ਼ਵਰ ਕੁਮਾਰ, ਰਵਿੰਦਰ ਜਡੇਜਾ ਅਤੇ ਹਰਸ਼ਲ ਪਟੇਲ ਨੂੰ ਵੀ ਇੱਕ-ਇੱਕ ਵਿਕਟ ਮਿਲੀ।
ਵੀਡੀਓ ਲਈ ਕਲਿੱਕ ਕਰੋ -: