ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਵਿੱਚ ਵਿਧਾਨ ਸਭਾ ਦੇ ਮੇਨ ਗੇਟ ‘ਤੇ ਖਾਲਿਸਤਾਨੀ ਝੰਡੇ ਲੱਗਣ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਹ ਦੇਸ਼ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਗੇਟ ‘ਤੇ ਖਾਲਿਸਤਾਨ ਦੇ ਝੰਡੇ ਲਗਾਉਣ ਦੇ ਕਾਰੇ ਦੀ ਸਖਤ ਨਿੰਦਾ ਕੀਤੀ ਜਾਂਦੀ ਹੈ। ਇਹ ਸਾਡੇ ਦੇਸ਼ ਦੀ ਸ਼ਾਂਤੀ ਤੇ ਭਾਈਚਾਰੇ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸ਼ਰਾਰਤੀ ਅਨਸਰਾਂ ਦੀ ਹਰਕਤ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਦਫਤਰ ਨੂੰ ਟੈਗ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਅੱਜ ਸਵੇਰੇ ਜਾਂ ਦੇਰ ਰਾਤ ਵਿਧਾਨ ਸਭਾ ਦੇ ਮੇਨ ਗੇਟ ‘ਤੇ ਖਾਲਿਸਤਾਨੀ ਝੰਡੇ ਮਿਲੇ। ਕੰਧਾਂ ‘ਤੇ ਵੀ ਖਾਲਿਸਤਾਨ ਲਿਖਿਆ ਹੋਇਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਇਹ ਝੰਡੇ ਕਿਸ ਨੇ ਇਥੇ ਲਾਏ।
ਮੌਕੇ ‘ਤੇ ਪਹੁੰਚੇ ਐੱਸ.ਪੀ. ਕਾਂਗੜਾ ਖੁਸ਼ਾਲ ਸ਼ਰਮਾ ਨੇ ਕਿਹਾ ਕਿ ਇਹ ਘਟਨਾ ਦੇਰ ਰਾਤ ਜਾਂ ਸਵੇਰ ਦੀ ਹੋ ਸਕਦੀ ਹੈ। ਅਸੀਂ ਵਿਧਾਨ ਸਭਾ ਗੇਟ ਤੋਂ ਖਾਲਿਸਤਾਨੀ ਝੰਡੇ ਹਟਾ ਦਿੱਤੇ ਹਨ। ਇਹ ਪੰਜਾਬ ਦੇ ਕੁਝ ਟੂਰਿਸਟਾਂ ਦੀ ਹਰਕਤ ਹੋ ਸਕਦੀ ਹੈ। ਅਸੀਂ ਅੱਜ ਕੇਸ ਦਰਜ ਕਰਨ ਜਾ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: