ਤ੍ਰਿਪੁਰਾ ਭਾਜਪਾ ਇਕਾਈ ਦੇ ਪ੍ਰਧਾਨ ਮਾਣਿਕ ਸਾਹਾ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਬਿਪਲਬ ਦੇਬ ਦੇ ਸ਼ਨੀਵਾਰ ਨੂੰ ਤ੍ਰਿਪੁਰਾ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਣ ਮਗਰੋਂ ਰਾਜ ਇਕਾਈ ਦੇ ਪ੍ਰਧਾਨ ਤੇ ਰਾਜ ਸਭਾ ਸਾਂਸਦ ਡਾ. ਮਾਣਿਕ ਸਾਹਾ ਨੂੰ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ।
ਰਾਜ ਸਭਾ ਸਾਂਸਦ ਮਾਣਿਕ ਸਾਹਾ ਦੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਉਥੇ ਕੇਂਦਰੀ ਸੁਪਰਵਾਈਜ਼ਰ ਵਜੋਂ ਪਹੁੰਚੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਯਾਦਵ ਨੇ ਕਿਹਾ ਕਿ ਮਾਣਿਕ ਸਾਹਾ ਨੂੰ ਤ੍ਰਿਪੁਰਾ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦੀ ਬਹੁਤ-ਬਹੁਤ ਵਧਾਈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਤੇ ਤੁਹਾਡੀ ਲੀਡਰਸ਼ਿਪ ਵਿੱਚ ਤ੍ਰਿਪੁਰਾ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚੇਗਾ।
ਇਸ ਤੋਂ ਪਹਿਲਾਂ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਸ਼ਨੀਵਾਰ ਨੂੰ ਅਚਾਨਕ ਰਾਜਪਾਲ ਐੱਸ.ਐੱਨ ਆਰਿਆ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਨਵੇਂ ਨੇਤਾ ਦੀ ਚੋਣ ਦੀ ਖਾਤਿਰ ਅਗਰਤਾ ਪਹੁੰਚੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਤੇ ਸੀਨੀਅਰ ਨੇਤਾ ਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਵਿਧਾਇਕ ਪਾਰਟੀ ਦੀ ਬੈਠਕ ਵਿੱਚ ਹਿੱਸਾ ਲਿਆ। ਇਨ੍ਹਾਂ ਦੋਵਾਂ ਨੇਤਾਵਾਂ ਤੋਂ ਇਲਾਵਾ ਭਾਜਪਾ ਸਾਂਸਦ ਤੇ ਤ੍ਰਿਪੁਰਾ ਦੇ ਇੰਚਾਰਜ ਵਿਨੋਦ ਸੋਨਕਰ ਵੀ ਇਸ ਬੈਠਕ ਵਿੱਚ ਮੌਜੂਦ ਰਹੇ। ਭਾਜਪਾ ਵਿਧਾਇਕ ਪਾਰਟੀ ਦੀ ਬੈਠਕ ਵਿੱਚ ਮਾਣਿਕ ਸਾਹਾ ਦੇ ਨਾਂ ‘ਤੇ ਸਰਵਸੰਮਤੀ ਨਾਲ ਮੋਹਰ ਲਾਈ ਗਈ, ਜਿਸ ਤੋਂ ਬਾਅਦ ਤੈਅ ਹੋ ਗਿਆ ਕਿ ਉਹੀ ਤ੍ਰਿਪੁਰਾ ਦੇ ਅਗਲੇ ਮੁੱਖ ਮੰਤਰੀ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਜ਼ਿਕਰਯੋਗ ਹੈ ਕਿ ਤ੍ਰਿਪੁਰਾ ਵਿੱਚ ਖੱਬੇ ਮੋਰਚੇ ਦੀ 25 ਸਾਲ ਪੁਰਾਣੀ ਸਰਕਾਰ ਨੂੰ ਹਰਾ ਕੇ ਭਾਜਪਾ ਨੇ ਸਾਲ 2018 ਵਿੱਚ ਵੱਡੀ ਜਿੱਤ ਹਾਸਲ ਕੀਤੀ ਜਿਸ ਤੋਂ ਬਾਅਦ ਦੇਬ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉਥੇ ਕਿਆਸ ਲਾਏ ਜਾ ਰਹੇ ਸਨ ਕਿ ਤ੍ਰਿਪੁਰਾ ਦੀ ਭਾਜਪਾ ਇਕਾਈ ਵਿੱਚ ਆਪਸੀ ਖਿੱਚੋਤਾਣ ਚੱਲ ਰਹੀ ਹੈ। ਤ੍ਰਿਪੁਰਾ ਵਿੱਚ ਪਾਰਟੀ ਦੇ ਮਾਮਲਿਆਂ ਦੀ ਕੇਂਦਰੀ ਗ੍ਰਹਿਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਚਰਚਾ ਲਈ ਦੇਬ ਵੀਰਵਾਰ ਨੂੰ ਨਵੀਂ ਦਿੱਲੀ ਵੀ ਗਏ ਸਨ।