ਯੂਪੀਐੱਸਸੀ 2021 ਦੀ ਪ੍ਰੀਖਿਆ ਵਿਚ ਚੰਡੀਗੜ੍ਹ ਦੀ ਗਾਮਿਨੀ ਸਿੰਗਲਾ ਨੇ ਦੇਸ਼ ਭਰ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਗਾਮਿਨੀ ਨੇ ਕਿਹਾ ਕਿ ਔਰਤਾਂ ਮਿਹਨਤ ਤੇ ਸਮਰਪਣ ਦੇ ਬਲ ‘ਤੇ ਕੁਝ ਵੀ ਹਾਸਲ ਕਰ ਸਕਦੀਆਂ ਹਨ। ਗਾਮਿਨੀ ਨੇ ਆਈਏਐੱਸ ਸਰਵਿਸ ਚੁਣਨ ਦੀ ਇੱਛਾ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਵਿਕਾਸ ਤੇ ਲੋਕਾਂ ਦੇ ਕਲਿਆਣ ਲਈ ਕੰਮ ਕਰਨਾ ਚਾਹੁੰਦੀ ਹੈ। ਗਾਮਿਨੀ ਨੇ ਦੂਜੀ ਕੋਸ਼ਿਸ਼ ਵਿਚ ਯੂਪੀਐੱਸੀ ਪ੍ਰੀਖਿਆ ਵਿਚ ਕਾਮਯਾਬੀ ਹਾਸਲ ਕੀਤੀ ਹੈ।ਉਨ੍ਹਾਂ ਨੇ ਆਪਣੇ ਪਿਤਾ ਡਾਕਟਰ ਅਲੋਕ ਸਿੰਗਲਾ ਨੂੰ ਸਫਲਤਾ ਦਾ ਕ੍ਰੈਡਿਟ ਦਿੱਤਾ। ਗਾਮਿਨੀ ਦੀ ਮਾਤਾ ਵੀ ਡਾਕਟਰ ਹੈ ਤੇ ਹਿਮਾਚਲ ਵਿਚ ਕੰਮ ਕਰਦੇ ਹਨ।
ਗਾਮਿਨੀ ਨੇ ਦੱਸਿਆ ਕਿ ਉਹ 9 ਤੋਂ 10 ਘੰਟੇ ਪੜ੍ਹਾਈ ਕਰਦੀ ਸੀ। ਜ਼ਿਆਦਾਤਰ ਸੈਲਫ ਸਟੱਡੀ ‘ਤੇ ਫੋਕਸ ਕੀਤਾ। ਪਟਿਆਲਾ ਵਿਚ ਕੋਚਿੰਗ ਵੀ ਲਈ। ਗਾਮਿਨੀ ਨੇ ਕੰਪਿਊਟਰ ਸਾਇੰਸ ਵਿਚ ਬੀਟੈੱਕ ਦੀ ਡਿਗਰੀ ਲਈ ਹੈ। ਯੂਪੀਐੱਸੀ ਪ੍ਰੀਖਿਆ ਵਿਚ ਸਮਾਜਸ਼ਾਤਰ ਉਨ੍ਹਾਂ ਦਾ ਵੈਕਲਪਿਕ ਵਿਸ਼ਾ ਸੀ। ਗਾਮਿਨੀ ਦੇ ਪਿਤਾ ਡਾ. ਅਲੋਕ ਸਿੰਗਲਾ ਹਿਮਾਚਲ ਦੇ ਬਿਲਾਸਪੁਰ ਜ਼ਿਲ੍ਹੇ ਦੇ ਨੈਣਾ ਦੇਵੀ ਦੇ ਸਿਵਲ ਹਸਪਤਾਲ ਵਿਚ ਕੰਮ ਕਰਦੇ ਸਨ।
ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਤੀਜੇ ਮੁਤਾਬਕ ਇਸ ਪ੍ਰੀਖਿਆ ਵਿਚ ਕੁੱਲ 685 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਹਰ ਸਾਲ ਆਈਏਐੱਸ, ਆਈਪੀਐੱਸ ਤੇ ਆਈਐੱਫਐੱਸ ਦੇ ਅਹੁਦਿਆਂ ‘ਤੇ ਚੋਣ ਲਈ ਸਿਵਲ ਸੇਵਾ ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: