Sidhu moose wala update: ਸਵਰਗੀ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਯਾਦ ਵਿੱਚ ਬਰੈਂਪਟਨ ਸਿਟੀ ਕੌਂਸਲ ਨੇ ਇਕ ਸਰਬਸੰਮਤੀ ਮਤਾ ਪਾਸ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਸਵਰਗੀ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਕੰਧ ’ਤੇ ਵੱਡਾ ਚਿੱਤਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਸਿੱਧੂ ਮੂਸੇ ਵਾਲਾ ਨੇ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਬਰੈਂਪਟਨ ਤੋਂ ਹੀ ਕੀਤੀ ਸੀ।
8 ਜੂਨ ਨੂੰ ਜਦੋਂ ਪੰਜਾਬ ’ਚ ਸਾਰੇ ਸਿੱਧੂ ਮੂਸੇ ਵਾਲਾ ਦੇ ਭੋਗ ਤੇ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਜਾ ਰਹੇ ਸਨ, ਉਦੋਂ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਨੇ ਮਤਾ ਪਾਸ ਕੀਤਾ। ਪੰਜਾਬੀ ਭਾਈਚਾਰੇ ਨੇ ਕੌਂਸਲ ਨੂੰ ਬੇਨਤੀ ਕੀਤੀ ਕਿ ਇਕ ਥਾਂ ਲੱਭ ਕੇ ਸਿੱਧੂ ਮੂਸੇ ਵਾਲਾ ਦੇ ਚਿੱਤਰ ਨੂੰ ਬਣਾਇਆ ਜਾਵੇ।
ਉਹ ਸਿੱਧੂ ਮੂਸੇ ਵਾਲਾ ਦੀ ਯਾਦ ’ਚ ਇਕ ਦਰੱਖਤ ਵੀ ਲਗਾਉਣਗੇ ਤੇ ਗਾਇਕ ਨੂੰ ਬਰੈਂਪਟਨ ਵਾਕ ਆਫ ਫੇਮ ’ਚ ਸ਼ਾਮਲ ਕਰਨ ’ਤੇ ਵੀ ਵਿਚਾਰ ਕਰਨਗੇ। ਦੱਸ ਦੇਈਏ ਕਿ ਬਰੈਂਪਟਨ ਦੇ ਵਸਨੀਕ ਸਿੱਧੂ ਦੇ ਕਤਲ ਕਾਰਨ ਬੇਹੱਦ ਦੁਖੀ ਹਨ ਤੇ ਸਿੱਧੂ ਲਈ ਇਥੇ ਇਕ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ। ਇਸਦੇ ਨਾਲ ਹੀ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਸੁਰਖੀਆਂ ਵਿੱਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਸਲਾ ਐਕਟ ਕੇਸ ਵਿੱਚ ਵੱਡਾ ਝਟਕਾ ਲੱਗਾ ਹੈ। ਪੰਜਾਬ ਆਰਮਜ਼ ਐਕਟ ਦੇ ਇੱਕ ਪੁਰਾਣੇ ਮਾਮਲੇ ਵਿੱਚ ਅੱਜ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਲਾਰੈਂਸ ਬਿਸ਼ਨੋਈ ਨੂੰ ਚਾਰ ਦਿਨਾਂ ਲਈ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਹੈ। ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ‘ਚ ਦਿੱਲੀ ਪੁਲਿਸ ਸਾਊਥ ਰੇਂਜ ਦੇ ਵਿਸ਼ੇਸ਼ ਸੈੱਲ ਨੇ ਬਿਸ਼ਨੋਈ ਦੀ ਚਾਰ ਦਿਨਾਂ ਦੀ ਕਸਟਡੀ ਮੰਗੀ। ਸੁਣਵਾਈ ਦੌਰਾਨ ਪੁਲਿਸ ਨੇ ਬਿਸ਼ਨੋਈ ਤੋਂ 20 ਮਿੰਟ ਤੱਕ ਪੁੱਛਗਿੱਛ ਕੀਤੀ ਅਤੇ ਫਿਰ ਅਦਾਲਤ ਨੇ ਉਸ ਨੂੰ ਪੁਲਿਸ ਹਿਰਾਸਤ ‘ਚ ਭੇਜ ਦਿੱਤਾ।