ਟੋਕੀਓ ਓਲੰਪਿਕ ਵਿੱਚ ਜੈਵਲਿਨ ਸੁੱਟ ਕੇ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਖਿਡਾਰੀ ਨੀਰਜ ਚੋਪੜਾ ਨੇ ਨਵਾਂ ਕਾਰਨਾਮਾ ਕੀਤਾ ਹੈ । ਨੀਰਜ ਨੇ ਫਿਨਲੈਂਡ ਵਿੱਚ ਪਾਵੋ ਨੂਰਮੀ ਖੇਡਾਂ ਵਿੱਚ ਮੰਗਲਵਾਰ ਨੂੰ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਦਿੱਤਾ । ਚੋਪੜਾ ਨੇ ਇੱਥੇ ਖੇਡ ਦੌਰਾਨ 89.30 ਮੀਟਰ ਦਾ ਆਪਣਾ ਸਰਵੋਤਮ ਥਰੋਅ ਦਾ ਪ੍ਰਦਰਸ਼ਨ ਕੀਤਾ । ਇਸ ਦੇ ਨਾਲ ਉਨ੍ਹਾਂ ਨੇ ਆਪਣੇ ਹੀ ਰਾਸ਼ਟਰੀ ਰਿਕਾਰਡ ਵਿੱਚ ਸੁਧਾਰ ਕਰ ਕੇ ਚਾਂਦੀ ਦਾ ਤਗਮਾ ਜਿੱਤਿਆ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੀਰਜ ਨੇ ਟੋਕੀਓ ਓਲੰਪਿਕ ਦੌਰਾਨ 87.58 ਮੀਟਰ ਦੀ ਥਰੋਅ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਸੀ । ਇਸ ਥਰੋਅ ਦੇ ਦਮ ‘ਤੇ ਹੀ ਉਸ ਨੇ ਟੋਕੀਓ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਿਆ ਸੀ । ਟੋਕੀਓ ਓਲੰਪਿਕ ਵਿੱਚ ਖੇਡਣ ਤੋਂ ਬਾਅਦ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਇਹ ਪਹਿਲਾ ਟੂਰਨਾਮੈਂਟ ਹੈ ਅਤੇ ਉਹ ਪਹਿਲੀ ਵਾਰ ਫੀਲਡ ਵਿੱਚ ਉਤਰੇ । ਇਸ ਦੌਰਾਨ ਨੀਰਜ ਨੂੰ ਮਹਾਨ ਜੈਵਲਿਨ ਥਰੋਅਰਜ਼ ਦਾ ਸਾਹਮਣਾ ਕਰਨਾ ਪਿਆ ।
ਇਹ ਵੀ ਪੜ੍ਹੋ: ਗਰਮੀ ਤੋਂ ਮਿਲੇਗੀ ਰਾਹਤ, ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ
ਇਸ ਵਿੱਚ ਸਾਬਕਾ ਚੈਂਪੀਅਨ ਜੋਹਾਨਸ ਵੇਟਰ ਅਤੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਸ਼ਾਮਲ ਹਨ। ਪੀਟਰਸ ਨੇ ਹਾਲ ਹੀ ਵਿੱਚ ਆਪਣਾ ਨਿੱਜੀ ਸਰਵੋਤਮ ਸੁਧਾਰ ਕੀਤਾ ਸੀ ਅਤੇ ਡਾਇਮੰਡ ਲੀਗ ਵਿੱਚ 93.07 ਮੀਟਰ ਜੈਵਲਿਨ ਸੁੱਟਿਆ ਸੀ । ਨੂਰਮੀ ਖੇਡਾਂ 1957 ਤੋਂ ਫਿਨਲੈਂਡ ਦੇ ਸਭ ਤੋਂ ਵੱਡੇ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚੋਂ ਇੱਕ ਹਨ। ਇਹ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਟੂਰ ਮੀਟ ਦਾ ਵੀ ਹਿੱਸਾ ਹੈ।
ਦੱਸ ਦੇਈਏ ਕਿ ਨੀਰਜ ਦਾ ਇਹ 10 ਮਹੀਨੇ ਦੇ ਬਾਅਦ ਪਹਿਲਾ ਟੂਰਨਾਮੈਂਟ ਸੀ ਤੇ ਉਨ੍ਹਾਂ ਨੇ ਦੂਜੀ ਕੋਸ਼ਿਸ਼ ਵਿੱਚ 89.30 ਦਾ ਥਰੋਅ ਕੀਤਾ ਜੋ ਕਿ ਹੁਣ ਉਨ੍ਹਾਂ ਦਾ ਨਿੱਜੀ ਸਰਵੋਤਮ ਬਣ ਗਿਆ ਹੈ। ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 86.92 ਮੀਟਰ ਦਾ ਥਰੋਅ ਕੀਤਾ ਸੀ। ਨੀਰਜ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ 85.25 ਮੀਟਰ ਦੇ ਥਰੋਅ ਦੇ ਨਾਲ ਇਸ ਦਾ ਅੰਤ ਕੀਤਾ। ਬੇਸ਼ੱਕ ਨੀਰਜ ਨੇ ਆਪਣਾ ਰਾਸ਼ਟਰੀ ਰਿਕਾਰਡ ਤੋੜਿਆ ਪਰ ਉਹ ਫਿਨਲੈਂਡ ਦੇ ਓਲੀਵੀਅਰ ਹੇਲਾਂਡੇਰ ਤੋਂ ਪਿੱਛੇ ਰਹਿ ਕੇ ਦੂਜੇ ਸਥਾਨ ‘ਤੇ ਰਹੇ, ਜਿਸ ਕਰਨ ਉਸਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: