ਆਮ ਆਦਮੀ ਪਾਰਟੀ (ਆਪ) ਦੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਡੀਐਸਪੀ ਦੀ ਕੁਰਸੀ ’ਤੇ ਬੈਠਿਆਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਮਗਰੋਂ ਇਸ ਨੂੰ ਲੈ ਕੇ ‘ਆਪ’ ਵਿਧਾਇਕ ਦੀ ਸੋਸ਼ਲ ਮੀਡੀਆ ‘ਤੇ ਖੂਬ ਖਿਚਾਈ ਕੀਤੀ ਜਾ ਰਹੀ ਹੈ। ਲੋਕ ਵਿਧਾਇਕ ਦੇ ਇਸ ਰਵੱਈਏ ਨੂੰ ਸੱਤਾ ਦਾ ਅਪਮਾਨ ਕਰਾਰ ਦੇ ਰਹੇ ਹਨ। ਹਾਲਾਂਕਿ ਇਸ ‘ਤੇ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਕਾਂਗਰਸ ਨੇ ਇਸ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਅਨਮੋਲ ਗਗਨ ਮਾਨ ਦੇ ਅਜਿਹੇ ਵਤੀਰੇ ਨੂੰ ਬਚਕਾਨਾ ਤੇ ਹੰਕਾਰੀ ਦੱਸਿਆ। ਉਨ੍ਹਾਂ ਕਿਹਾ ਕਿ ਡੀਐਸਪੀ ਖਰੜ ਦੀ ਅਧਿਕਾਰਤ ਕੁਰਸੀ ‘ਤੇ ਬੈਠਣਾ ਤੇ ਇਸ ਦੇ ਨਾਲ ਹੀ ਡੀ.ਐੱਸ.ਪੀ. ਖਰੜ ਵੱਲੋਂ ਉਨ੍ਹਾਂ ਨੂੰ ਆਪਣੀ ਕੁਰਸੀ ’ਤੇ ਬੈਠਣ ਦੀ ਇਜਾਜ਼ਤ ਦੇਣਾ ਪੂਰੀ ਤਰ੍ਹਾਂ ਸਰੈਂਡਰ ਕਰਨਾ ਹੈ। ਲੋਕ ਅਜਿਹੇ ਨੁਮਾਇੰਦਿਆਂ ਅਤੇ ਅਫ਼ਸਰਾਂ ਤੋਂ ਇਨਸਾਫ਼ ਦੀ ਕੀ ਆਸ ਰੱਖ ਸਕਦੇ ਹਨ?
ਦੱਸਣਯੋਗ ਹੈ ਕਿ ਵਿਧਾਇਕਾ ਅਨਮੋਲ ਗਗਨ ਮਾਨ ਕੁਝ ਦਿਨ ਪਹਿਲਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਮੁੱਲ੍ਹਾਂਪੁਰ ਗਰੀਬਦਾਸ ਆਏ ਸਨ। ਉਹ ਜ਼ਮੀਨ ਐਕੁਆਇਰ ਹੋਣ ਸਬੰਧੀ ਸ਼ਿਕਾਇਤ ਲੈ ਕੇ ਆਏ ਸਨ। ਉਸ ਵੇਲੇ ਡੀਐਸਪੀ ਦਫ਼ਤਰ ਵਿੱਚ ਨਹੀਂ ਸਨ। ਸੋਸ਼ਲ ਮੀਡੀਆ ‘ਤੇ ਕਿਹਾ ਜਾ ਰਿਹਾ ਹੈ ਕਿ ‘ਆਪ’ ਵਿਧਾਇਕਾ ਨੂੰ ਪ੍ਰੋਟੋਕੋਲ ਦਾ ਪਤਾ ਨਹੀਂ ਹੈ। ਕਾਂਗਰਸ ਨੇ ਇਹ ਵੀ ਮਹਿਣਾ ਮਾਰਿਆ ਕਿ ਇਨ੍ਹਾਂ ਤੋਂ ਆਪਣੀ ਕੁਰਸੀ ਨਹੀਂ ਸੰਭਾਲੀ ਜਾਂਦੀ ਤੇ ਦੂਜਿਆਂ ਦੀ ਕੁਰਸੀ ‘ਤੇ ਬੈਠਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਸਬੰਧੀ ਡੀਐਸਪੀ ਅਮਨਦੀਪ ਸਿੰਘ ਨੇ ਕਿਹਾ ਕਿ ਜਿਸ ਵੇਲੇ ਦੀ ਗੱਲ ਕੀਤੀ ਜਾ ਰਹੀ ਹੈ, ਉਸ ਸਮੇਂ ਉਹ ਆਪਣੇ ਦਫ਼ਤਰ ਵਿੱਚ ਨਹੀਂ ਸਨ। ਵਿਧਾਇਕਾ ਨੇ ਉਨ੍ਹਾਂ ਦੀ ਕੁਰਸੀ ‘ਤੇ ਬੈਠ ਕੇ ਸ਼ਿਕਾਇਤ ਸੁਣੀ, ਇਸ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ।