ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਹੁਣ ਪੰਜਾਬ ਦੇ ਪਟਿਆਲਾ ਨਾਲ ਜੁੜ ਗਈਆਂ ਹਨ। ਲੁਧਿਆਣਾ ਪੁਲਿਸ ਨੇ ਨਾਭਾ ਦੇ ਪਿੰਡ ਸਮਸ਼ਪੁਰ ਦੇ ਰਹਿਣ ਵਾਲੇ 21 ਸਾਲਾਂ ਕਬੱਡੀ ਖਿਡਾਰੀ ਜਸਕਰਨ ਸਿੰਘ ਉਰਫ਼ ਕਰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਸਕਰਨ ਸਿੰਘ ‘ਤੇ ਮੂਸੇਵਾਲਾ ਕਤਲ ਕਾਂਡ ਲਈ ਹਥਿਆਰਾਂ ਦੀ ਸਪਲਾਈ ਕਰਨ ਦਾ ਦੋਸ਼ ਹੈ। ਦੂਜੇ ਪਾਸੇ ਕਬੱਡੀ ਖਿਡਾਰੀ ਦੇ ਮਾਪਿਆਂ ਨੇ ਪੁਲੀਸ ’ਤੇ ਉਨ੍ਹਾਂ ਦੇ ਪੁੱਤਰ ਨੂੰ ਸਾਜ਼ਿਸ਼ ਤਹਿਤ ਫਸਾਉਣ ਦਾ ਦੋਸ਼ ਲਾਇਆ ਹੈ।
ਇਲਜ਼ਾਮ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਜਸਕਰਨ ਸਿੰਘ ਉਰਫ਼ ਕਰਨ ਨੂੰ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਭੇਜੇ ਸਨ। ਕਰਨ ਨੇ ਇਹ ਹਥਿਆਰ ਬਲਦੇਵ ਚੌਧਰੀ ਉਰਫ ਬੱਲੂ ਨੂੰ ਅੱਗੇ ਸਪਲਾਈ ਕੀਤੇ ਸਨ। ਦੱਸਿਆ ਜਾ ਰਿਹਾ ਹੈ ਕਿ ਕਰਨ ਨੇ ਮਾਰਚ ਮਹੀਨੇ ‘ਚ ਬਲਦੇਵ ਚੌਧਰੀ ਉਰਫ ਬੱਲੂ ਨੂੰ ਦੋ ਹਥਿਆਰ ਦਿੱਤੇ ਸਨ।
ਦੂਜੇ ਪਾਸੇ ਜਸਕਰਨ ਸਿੰਘ ਉਰਫ ਕਰਨ ਦੇ ਪਿਤਾ ਜਗਤਾਰ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦਾ ਲੜਕਾ ਪੂਰੀ ਤਰ੍ਹਾਂ ਬੇਕਸੂਰ ਹੈ। ਉਨ੍ਹਾਂ ਕਿਹਾ ਕਿ ਕਰਨ ਇੱਕ ਵਧੀਆ ਕਬੱਡੀ ਖਿਡਾਰੀ ਹੈ ਅਤੇ ਅੱਜ ਤੱਕ ਕਿਸੇ ਨਾਲ ਲੜਾਈ ਝਗੜੇ ਵਿੱਚ ਨਹੀਂ ਪਿਆ।
ਨਾਲ ਹੀ ਕਿਹਾ ਕਿ ਉਸ ਦੇ ਪੁੱਤਰ ਕਰਨ ਨੂੰ ਪੁਲਿਸ ਵੱਲੋਂ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਜਿਹੜੇ ਅਸਲ ਮੁਲਜ਼ਮ ਹਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਮਾਪਿਆਂ ਦਾ ਕਹਿਣਾ ਸੀ ਕਿ ਹਥਿਆਰਾਂ ਦੀ ਸਪਲਾਈ ਵਰਗੀ ਕੋਈ ਗੱਲ ਹੁੰਦੀ ਤਾਂ ਪਤਾ ਲੱਗ ਜਾਂਦਾ।
ਉਨ੍ਹਾਂ ਕਿਹਾ ਕਿ ਜਦੋਂ ਮੂਸੇਵਾਲਾ ਨੂੰ ਮਾਰਿਆ ਗਿਆ, ਉਨ੍ਹਾਂ ਦਾ ਪੁੱਤਰ ਅਜੇ ਘਰ ਹੀ ਸੀ। ਜੇਕਰ ਉਹ ਕਿਸੇ ਵੀ ਤਰੀਕੇ ਨਾਲ ਇਸ ਕੇਸ ਵਿੱਚ ਸ਼ਾਮਲ ਹੁੰਦਾ ਤਾਂ ਉਹ ਹੁਣ ਤੱਕ ਫਰਾਰ ਹੋ ਚੁੱਕਾ ਹੁੰਦਾ, ਉਸ ਦਾ ਘਰੋਂ ਕੋਈ ਪਤਾ ਨਹੀਂ ਲੱਗਦਾ। ਐਸਪੀ (ਡੀ) ਮਹਿਤਾਬ ਸਿੰਘ ਨੇ ਇਸ ਸਬੰਧੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।