ਪੰਜਾਬ ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਬਦਲਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਭਾਵੇਂ ਕਿਸੇ ਵੀ ਵੱਡੀ ਸੱਤਾਧਾਰੀ ਪਾਰਟੀ ਵਿੱਚ ਚਲੇ ਜਾਓ, ਤੁਸੀਂ ਕਾਰਵਾਈ ਤੋਂ ਬਚ ਨਹੀਂ ਸਕੋਗੇ। ਉਨ੍ਹਾਂ ਦਾ ਸਿੱਧਾ ਇਸ਼ਾਰਾ ਭਾਜਪਾ ਵੱਲ ਸੀ। ਉਹ ਜੇਲ੍ਹ ਵੱਲ ਹੀ ਆਉਣਗੇ। ਇਸ ਦਾ ਐਕਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਕਾਂਗਰਸ ਦੇ 4 ਸਾਬਕਾ ਮੰਤਰੀ ਬਲਬੀਰ ਸਿੱਧੂ, ਸ਼ਾਮ ਸੁੰਦਰ ਅਰੋੜਾ, ਰਾਜਕੁਮਾਰ ਵੇਰਕਾ ਅਤੇ ਗੁਰਪ੍ਰੀਤ ਕਾਂਗੜ ਭਾਜਪਾ ਵਿੱਚ ਸ਼ਾਮਲ ਹੋਏ ਹਨ।
ਮਾਨ ਨੇ ਇਹ ਵੀ ਤੰਜ ਕੱਸਿਆ ਕਿ ਕੁਝ ਸਾਬਕਾ ਮੰਤਰੀ ਹਾਈ ਕੋਰਟ ਜਾ ਰਹੇ ਹਨ। ਸਰਕਾਰ ਨੇ ਉਨ੍ਹਾਂ ਦਾ ਨਾਂ ਤੱਕ ਨਹੀਂ ਲਿਆ। ਇਸ ਦਾ ਮਤਲਬ ਹੈ ਕਿ ਉਨ੍ਹਾਂ ਕੁਝ ਕੀਤਾ ਹੈ। ਸਰਕਾਰ ਕਿਸੇ ਵੀ ਸਿਆਸਤਦਾਨ, ਉੱਚ ਪੱਧਰੀ ਜਾਂ ਨੌਕਰਸ਼ਾਹ ਭਾਵ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਅਫਸਰ ਨੂੰ ਨਹੀਂ ਬਖਸ਼ੇਗੀ।
ਸੀ.ਐੱਮ. ਮਾਨ ਨੇ ਕਿਹਾ ਕਿ ਪੰਜਾਬ ਦਾ ਪੈਸਾ ਲੁੱਟਣ ਵਾਲਿਆਂ ਤੋਂ ਵਸੂਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਪੁੱਛ ਰਹੀ ਹੈ ਕਿ ਪੰਜਾਬ ਦੇ ਵਿਕਾਸ ਲਈ ਪੈਸਾ ਕਿੱਥੋਂ ਆਵੇਗਾ? ਇਹ ਉਨ੍ਹਾਂ ਤੋਂ ਵੀ ਆਵੇਗਾ ਜਿਨ੍ਹਾਂ ਨੇ ਖਜ਼ਾਨਾ ਲੁੱਟਿਆ ਹੈ।
ਸੀ.ਐਮ. ਭਗਵੰਤ ਮਾਨ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਚੀਮਾ ਨੇ ਇੰਨਾ ਵਧੀਆ ਬਜਟ ਬਣਾਇਆ ਹੈ ਕਿ ਵਿਰੋਧੀਆਂ ਨੂੰ ਕਮੀਆਂ ਲੱਭਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਮਾਨ ਨੇ ਕਿਹਾ ਕਿ ਅਸੀਂ ਜਿਥੋਂ ਮਰਜ਼ੀ ਪੈਸਾ ਲਿਆਈਏ, ਪਰ 300 ਯੂਨਿਟ ਮੁਫਤ ਬਿਜਲੀ ਦਿਆਂਗੇ। ਉਨ੍ਹਾਂ ਕਿਹਾ ਕਿ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਕਹੀ ਗਈ ਸੀ ਪਰ ਫਾਈਲ ਗਵਰਨਰ ਦਫ਼ਤਰ ਵਿੱਚ ਪਈ ਹੋਈ ਸੀ।
ਸੀ.ਐੱਮ. ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾਵੇਗਾ। ਜਿਵੇਂ ਹੀ ਸਰਕਾਰ ਕੋਲ ਸਾਧਨ ਹੋਣਗੇ, ਸਭ ਤੋਂ ਪਹਿਲਾਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਕੰਮ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: