ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੁਕਾਬਲਾ ਸ਼ੁੱਕਰਵਾਰ ਤੋਂ ਬਰਮਿੰਘਮ ਦੇ ਐਜਬੈਸਟਨ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਇਸ ਸੀਰੀਜ਼ ਦੇ ਚਾਰ ਟੈਸਟ ਪਿਛਲੇ ਸਾਲ ਖੇਡੇ ਗਏ ਸਨ। ਉਸ ਸਮੇਂ ਕੋਰੋਨਾ ਕਾਰਨ ਮੈਨਚੇਸਟਰ ਵਿੱਚ ਹੋਣ ਵਾਲਾ ਪੰਜਵਾਂ ਮੁਕਾਬਲਾ ਰੱਦ ਕਰ ਦਿੱਤਾ ਗਿਆ ਸੀ। ਉੱਥੇ ਹੀ ਮੈਚ 10 ਮਹੀਨਿਆਂ ਬਾਅਦ ਬਰਮਿੰਘਮ ਵਿੱਚ ਅੱਜ ਤੋਂ ਮੈਚ ਖੇਡਿਆ ਜਾਵੇਗਾ।
ਦੱਸ ਦੇਈਏ ਕਿ ਇਸ ਮੁਕਾਬਲੇ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਜਸਪ੍ਰੀਤ ਬੁਮਰਾਹ ਨੂੰ ਟੀਮ ਇੰਡੀਆ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ । BCCI ਵੱਲੋਂ ਵੀਰਵਾਰ ਨੂੰ ਇਸਦਾ ਐਲਾਨ ਕੀਤਾ ਗਿਆ । ਟੀਮ ਇੰਡੀਆ ਦੇ ਰੈਗੂਲਰ ਕਪਤਾਨ ਰੋਹਿਤ ਸ਼ਰਮਾ ਕੋਰੋਨਾ ਕਾਰਨ ਇਸ ਮੈਚ ਤੋਂ ਬਾਹਰ ਹੋ ਗਏ ਹਨ । ਜਿਸ ਕਾਰਨ ਇਸ ਮੈਚ ਦੀ ਕਪਤਾਨੀ ਬੁਮਰਾਹ ਕਰਨਗੇ । ਬੁਮਰਾਹ ਕਪਿਲ ਦੇਵ ਤੋਂ ਬਾਅਦ ਭਾਰਤ ਦੀ ਕਪਤਾਨੀ ਕਰਨ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਹਨ ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸੀਰੀਜ਼ ਰੱਦ ਹੋਣ ਦੇ ਸਮੇਂ ਭਾਰਤ 2-1 ਤੋਂ ਅੱਗੇ ਸੀ, ਯਾਨੀ ਕਿ ਭਾਰਤੀ ਟੀਮ ਜੇਕਰ ਇਹ ਮੁਕਾਬਲਾ ਜਿੱਤ ਜਾਂਦੀ ਹੈ ਤਾਂ ਇੱਕ ਸਮੇਂ ਕਈ ਰਿਕਾਰਡ ਬਣਨਗੇ । 90 ਸਾਲਾ ਦੇ ਇਤਿਹਾਸ ਵਿੱਚ ਭਾਰਤ ਨੇ ਇੰਗਲੈਂਡ ਵਿੱਚ 5 ਮੈਚਾਂ ਦੀ ਕੋਈ ਸੀਰੀਜ਼ ਨਹੀਂ ਜਿੱਤੀ ਹੈ। ਬੀਤੇ 15 ਸਾਲਾਂ ਵਿੱਚ ਉਸਦੀ ਇੰਗਲੈਂਡ ਦੀ ਧਰਤੀ ‘ਤੇ ਪਹਿਲੀ ਸੀਰੀਜ਼ ਜਿੱਤ ਹੋਵੇਗੀ। ਇਸ ਤੋਂ ਇਲਾਵਾ ਬਰਮਿੰਘਮ ਵਿੱਚ 55 ਸਾਲ ਦੀ ਜਿੱਤ ਦਾ ਸੋਕਾ ਖਤਮ ਹੋਵੇਗਾ।
ਗੌਰਤਲਬ ਹੈ ਕਿ ਭਾਰਤੀ ਟੀਮ ਇੰਗਲੈਂਡ ਵਿੱਚ ਹੁਣ ਤੱਕ ਦੋ ਵਾਰ ਕਿਸੇ ਸੀਰੀਜ਼ ਵਿੱਚ 2-2 ਮੈਚ ਜਿੱਤ ਚੁੱਕੀ ਹੈ, ਪਰ ਹੁਣ ਤੱਕ ਇੱਕ ਵਾਰ ਵੀ ਟੀਮ ਉੱਥੇ ਇੱਕ ਸੀਰੀਜ਼ ਦੇ ਤਿੰਨ ਮੁਕਾਬਲੇ ਨਹੀਂ ਜਿੱਤ ਸਕੀ ਹੈ। ਜੇਕਰ ਭਾਰਤ ਇਹ ਟੈਸਟ ਮੁਕਾਬਲਾ ਜਿੱਤਦਾ ਹੈ ਤਾਂ ਇਹ ਕਾਰਨਾਮਾ ਪਹਿਲੀ ਵਾਰ ਮੁਮਕਿਨ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: