ਮੋਹਾਲੀ ਜ਼ਿਲ੍ਹੇ ਦੇ ਪਿੰਡ ਬੜੌਦੀ ਵਿੱਚ ਤੜਕੇ ਇੱਕ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਵਿਧਵਾ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਉਸ ਦੇ ਪਤੀ ਦੀ ਵੀ ਸੱਤ ਸਾਲ ਪਹਿਲਾਂ ਮੌਤ ਹੋ ਗਈ ਸੀ। ਔਰਤ ਦੇ 2 ਬੱਚੇ ਸਨ। ਇਸ ਕਤਲ ਤੋਂ ਬਾਅਦ ਪੁੱਤਰ-ਧੀ ਦੋਵੇਂ ਅਨਾਥ ਹੋ ਗਏ।
ਮ੍ਰਿਤਕਾ ਦੀ ਪਛਾਣ ਹਰਜਿੰਦਰ ਕੌਰ (40) ਵਜੋਂ ਹੋਈ ਹੈ। ਇੱਕ ਸ਼ੱਕੀ ਵਿਅਕਤੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਔਰਤ ਸਵੇਰੇ ਪਸ਼ੂਆਂ ਦੇ ਵਾੜੇ ਵਿੱਚ ਮੱਝਾਂ ਦੀ ਧਾਰ ਕੱਢਣ ਗਈ ਸੀ। ਕਾਤਲ ਨੇ ਉਸੇ ਵੇਲੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਗੋਹਾ ਚੁੱਕਣ ਵਾਲੀ ਔਰਤ ਸਵੇਰੇ ਕਰੀਬ 6 ਵਜੇ ਉੱਥੇ ਪਹੁੰਚੀ। ਰੌਲਾ ਪਾਉਣ ’ਤੇ ਪਿੰਡ ਵਾਲੇ ਮੌਕੇ ’ਤੇ ਇਕੱਠੇ ਹੋ ਗਏ। ਉਥੇ ਲਾਸ਼ ਪਈ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ। ਔਰਤ ਦੀ ਧੌਣ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ।
ਪਿੰਡ ਦੇ ਸਰਪੰਚ ਮਨਮੋਹਨ ਸਿੰਘ ਮਾਵੀ ਨੇ ਦੱਸਿਆ ਕਿ ਮ੍ਰਿਤਕਾ ਬਹੁਤ ਹੀ ਮਿਹਨਤੀ ਔਰਤ ਸੀ। ਕਰੀਬ ਸੱਤ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਆਪਣੇ ਦੋ ਬੱਚਿਆਂ ਨਾਲ ਰੋਜ਼ੀ-ਰੋਟੀ ਕਮਾਉਣ ਲਈ ਸਖ਼ਤ ਮਿਹਨਤ ਕਰ ਰਹੀ ਸੀ।
ਘਟਨਾ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਪਿੰਡ ਵਾਲਿਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦਿਵਾਇਆ ਜਾਵੇ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਇਸ ਦੇ ਨਾਲ ਹੀ ਡੀਐਸਪੀ ਖਰੜ-2 ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।