ਹਰਿਆਣਾ ਦੇ ਨੂੰਹ ਵਿੱਚ ਅੱਜ ਨਾਜਾਇਜ਼ ਮਾਈਨਿੰਗ ਰੋਕਣ ਡੀ.ਐੱਸ.ਪੀ. ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁੱਖ ਪ੍ਰਗਟਾਇਆ ਹੈ ਤੇ ਇਸ ਨੂੰ ਸਰਕਾਰੀ ਸਿਸਟਮ ਦੀ ਨਾਕਾਮੀ ਦੱਸਿਆ ਹੈ।
ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ‘ਬੇਹੱਦ ਦੁਖਦ। ਹਰਿਆਣਾ ਵਿਚ ਪੁਲਿਸ ਅਧਿਕਾਰੀ ਦੀ ਇਸ ਤਰ੍ਹਾਂ ਸ਼ਰੇਆਮ ਹੱਤਿਆ ਹਰਿਆਣਾ ਦੇ ਪੂਰੇ ਸਰਕਾਰੀ ਸਿਸਟਮ ਦੀ ਨਾਕਾਮੀ ਦਾ ਹੀ ਨਤੀਜਾ ਹੈ। ਜਿਥੇ ਪੁਲਿਸ ਹੀ ਸੁਰੱਖਿਅਤ ਨਹੀਂ ਉਥੇ ਜਨਤਾ ਸੁਰੱਖਿਅਤ ਕਿਵੇਂ ਹੋਵੇਗੀ। ਸ਼ਹੀਦ ਪੁਲਿਸ ਅਧਿਕਾਰੀ ਦੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿਚ ਥਾਂ ਦੇਣ ਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿਚ ਹਿੰਮਤ ਦੇਣ।’
ਡੀ.ਐੱਸ.ਪੀ. ਸੁਰਿੰਦਰ ਬਿਸ਼ਨੋਈ ਤਾਵੜੂ ਮਾਈਨਿੰਗ ਵਾਲੀ ਥਾਂ ‘ਤੇ ਪੱਥਰਾਂ ਨਾਲ ਭਰਿਆ ਟਰੱਕ ਲਿਜਾਂਦੇ ਹੋਏ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਮਾਫੀਆ ਦੇ ਲੋਕਾਂ ਨੇ ਡੀ.ਐੱਸ.ਪੀ. ਨੂੰ ਡੰਪਰ ਨਾਲ ਕੁਚਲ ਦਿੱਤਾ, ਜਿਸ ‘ਤੇ ਡੀ.ਐੱਸ.ਪੀ. ਦੀ ਮੌਕੇ ‘ਤੇ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਦੱਸ ਦੇਈਏ ਕਿ ਘਟਨਾ ਤੋਂ ਬਾਅਦ ਪੁਲਿਸ ਮਹਿਕਮੇ ਨੂੰ ਭਾਜੜਾਂ ਪੈ ਗਈਆਂ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਸਰਚ ਆਪ੍ਰੇਸ਼ਨ ਚਲਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੁਝ ਦੋਸ਼ੀਆਂ ਦੀ ਜਾਣਕਾਰੀ ਹੈ ਤੇ ਕੁਝ ਦਾ ਪਤਾ ਲਾਇਆ ਜਾ ਰਿਹਾ ਹੈ। ਡੀ.ਐੱਸ.ਪੀ. ਸੁਰਿੰਦਰ ਸਿੰਘ ਦੀ ਇਸੇ ਸਾਲ ਸੇਵਾਮੁਕਤੀ ਹੋਣੀ ਸੀ।
ਇਹ ਵੀ ਪੜ੍ਹੋ : ਪੱਗ ਲਾਹੁਣ ‘ਤੇ ਇਨਾਮ ਦੇਣ ਵਾਲੇ ਖਿਲਾਫ 295-ਏ ਤਹਿਤ ਮਾਮਲਾ ਦਰਜ ਕਰਨ ਦੀ ਮੰਗ
ਹਰਿਆਣਾ ਸਰਕਾਰ ਨੇ ਇਸ ਮਾਮਲੇ ਵਿਚ ਪੂਰੀ ਜਾਣਕਾਰੀ ਮੰਗੀ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਜਾਂਚ ਦੇ ਹੁਕਮ ਦਿੱਤੇ ਹਨ। ਨੂਹ ‘ਚ ਡੀਐਸਪੀ ਦੇ ਕਤਲ ਤੋਂ ਬਾਅਦ ਹਰਿਆਣਾ ਪੁਲਿਸ ਨੇ ਟਵੀਟ ਕੀਤਾ ਹੈ। ਟਵੀਟ ਵਿੱਚ ਲਿਖਿਆ ਗਿਆ ਕਿ ਡੀਐਸਪੀ ਤੋਰੂ ਸੁਰਿੰਦਰ ਸਿੰਘ ਨੇ ਅੱਜ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ। ਹਰਿਆਣਾ ਪੁਲਿਸ ਨੇ ਬਹਾਦਰ ਅਧਿਕਾਰੀ ਦੇ ਦੁਖੀ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: