ਮੰਨਾ ਸਿੰਘ ਔਲਖ ਦੀ ਧੀ, ਸ਼ੇਰ-ਇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬ ਰਾਣੀ, ਮਹਾਰਾਜਾ ਦਲੀਪ ਸਿੰਘ ਦੀ ਮਾਂ, ਮਹਾਰਾਣੀ ਜਿੰਦ ਕੌਰ, ਜਿਸਨੂੰ ਇੱਜ਼ਤ ਨਾਲ ਪੰਜਾਬੀ ‘ ਮਾਈ ਸਾਹਿਬ’ ਕਹਿ ਕੇ ਪੁਕਾਰਦੇ ਸਨ।
1861 ਈਸਵੀ ਵਿਚ 14 ਸਾਲ ਬਾਅਦ ਮਾਂ-ਪੁੱਤ ਦਾ ਮਿਲਾਪ ਕਲਕੱਤੇ ਦੇ ਸਪੈਨਸਿਜ਼ ਹੋਟਲ ਵਿਚ ਹੋਇਆ ਸੀ। ਪੁੱਤ ਦੀ ਸਿੱਖੀ ਗਵਾਚੀ ਦਾ ਮਾਈ ਸਾਹਿਬ ਨੂੰ ਬਹੁਤ ਦੁਖ ਹੋਇਆ, ਦਲੀਪ ਸਿੰਘ ਨੇ ਦੁਬਾਰਾ ਸਿੱਖੀ ਵੱਲ ਮੋੜਾ ਪਾਉਣ ਦਾ ਮਾਂ ਨਾਲ ਵਾਅਦਾ ਕੀਤਾ, ਪੰਜਾਬ ਜਾਣ ਦੀ ਇਜ਼ਾਜ਼ਤ ਨਹੀਂ ਸੀ, ਪੁਤ ਮਾਂ ਨੂੰ ਲੈ ਕੇ ਵਲੈਤ ਆ ਗਿਆ। ਮਹਾਰਾਣੀ ਨੂੰ ਵੱਖਰੇ ਘਰ ਵਿਚ ਰੱਖਿਆ ਗਿਆ। ਮਿਸਟਰ ਲਾਗਨ ਮਹਾਰਾਣੀ ਦੇ ਦਲੀਪ ਸਿੰਘ ਤੇ ਪੈ ਰਹੇ ਪ੍ਰਭਾਵ ਤੋਂ ਬਹੁਤ ਚਿੰਤਤ ਸੀ, ਦਲੀਪ ਸਿੰਘ ਹੁਣ ਚਰਚ ਨਹੀਂ ਜਾ ਰਿਹਾ ਸੀ ਤੇ ਨਾਲ ਹੀ ਆਪਣੀ ਜ਼ਮੀਨ ਜਾਇਦਾਦ ਬਾਰੇ ਪੁੱਛ ਪੜਤਾਲ ਵੀ ਕਰ ਰਿਹਾ ਸੀ। ਲਾਗਨ ਨੇ ਸਰ ਚਾਰਲਸ ਨੂੰ ਲਿਖਿਆ ਕਿ ਦਲੀਪ ਸਿੰਘ ਨੂੰ ਮਹਾਰਾਣੀ ਦੇ ਅਸਰ ਤੋਂ ਬਚਾ ਲਵੋ।
ਮਹਾਰਾਣੀ ਦੀ ਅਰੋਗਤਾ ਤਾਂ ਸ਼ੇਖੂਪੁਰੇ ਤੋਂ ਹੀ ਖੁੱਸਣੀ ਸ਼ੁਰੂ ਹੋ ਗਈ ਸੀ, ਪਰ ਨੇਪਾਲ ਵਿਚ ਬਹੁਤ ਜ਼ਿਆਦਾ ਕਮਜ਼ੋਰੀ ਦੀ ਅਵਸਥਾ ਹੋ ਗਈ। ਨੇਤ੍ਰਾਂ ਦੀ ਜੋਤ ਵੀ ਖਤਮ ਵਾਂਗ ਸੀ, ਵਲੈਤ ਵਿਚ ਦਲੀਪ ਸਿੰਘ ਨੇ ਮਾਂ ਦਾ ਬਹੁਤ ਇਲਾਜ਼ ਕਰਾਇਆ ਪਰ ਗੱਲ ਨਾ ਬਣੀ ਤੇ ਅਖ਼ੀਰ ਮਹਾਰਾਣੀ ਜਿੰਦ ਕੌਰ 1 ਅਗਸਤ 1863 ਈਸਵੀ ਨੂੰ ਕੈਨਸਿੰਘਟਨ ਵਿਚ ਐਬਿੰਗਡਨ ਹਾਊਸ ਅੰਦਰ ਪੂਰੀ ਹੋ ਗਈ। ਉਸਦੀ ਆਖਰੀ ਇੱਛਾ ਸੀ ਕਿ ਉਸਦੀ ਮਿੱਟੀ ਪੰਜਾਬ ਵਿਚ ਸ਼ੇਰ-ਇ-ਪੰਜਾਬ ਦੀ ਸਮਾਧ ਕੋਲ ਸਮੇਟੀ ਜਾਵੇ ਪਰ ਅੰਗਰੇਜ਼ ਸਰਕਾਰ ਨੇ ਮਹਾਰਾਜੇ ਨੂੰ ਮਹਾਰਾਣੀ ਦੀ ਲਾਸ਼ ਪੰਜਾਬ ਲਿਜਾਣ ਤੋਂ ਜਵਾਬ ਦੇ ਦਿੱਤਾ।
ਮਹਾਰਾਣੀ ਦੀ ਅਰਥੀ ਇਕ ਕਬਰਸਤਾਨ ਵਿਚ ਰੱਖੀ ਗਈ। ਕੋਈ ਛੇ ਮਹੀਨੇ ਪਿਛੋਂ ਦਲੀਪ ਸਿੰਘ ਨੂੰ ਮਾਂ ਦਾ ਸਸਕਾਰ ਬੰਬੇ ਕਰਨ ਦੀ ਇਜ਼ਾਜ਼ਤ ਮਿਲ ਗਈ। ਆਪਣੇ ਦੋ ਸੇਵਕਾਂ ਕਿਸ਼ਨ ਸਿੰਘ ਤੇ ਅੱਛਰ ਸਿੰਘ ਦੀ ਸਹਾਇਤਾ ਨਾਲ ਮਹਾਰਾਣੀ ਦਾ ਸਸਕਾਰ ਨਾਸਕ ਸ਼ਹਿਰ ਦੇ ਨੇੜੇ ਗੋਦਾਵਰੀ ਦੇ ਕੰਢੇ ਕੀਤਾ ਗਿਆ। ਇਥੇ ਉਸਦੀ ਸਮਾਧ ਬਣਾਈ ਤੇ ਇਕ ਪਿੰਡ ਵੀ ਉਸਦੇ ਨਾਮ ਲਾਇਆ ਗਿਆ। ਬਾਅਦ ਇੱਕ ਗੁਰਦੁਆਰਾ ਵੀ ਤਾਮੀਰ ਕੀਤਾ ਗਿਆ । ਬਾਅਦ ਵਿਚ ਮਹਾਰਾਣੀ ਜਿੰਦਾਂ ਦੀ ਪੋਤਰੀ ਬੀਬੀ ਬੰਬਾ ਸਦਰਲੈਂਡ ਨੇ ਉਸਦੀ ਰਾਖ ਨਾਸਿਕ ਤੋਂ ਲਿਆ ਕੇ ਲਾਹੌਰ ਸ਼ੇਰ-ਇ-ਪੰਜਾਬ ਦੀ ਸਮਾਧ ਕੋਲ ਸਥਾਪਿਤ ਕਰ ਆਪਣੀ ਦਾਦੀ ਦੀ ਆਖਰੀ ਇੱਛਾ ਪੂਰੀ ਕੀਤੀ ।