ਪੰਜਾਬ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਨੇ ਆਪਣੀ 10 ਮਹੀਨੇ ਦੀ ਮਾਸੂਮ ਬੱਚੀ ਨੂੰ ਫਰਸ਼ ‘ਤੇ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਮੁਕਤਸਰ ਜ਼ਿਲ੍ਹੇ ਦੇ ਪਿੰਡ ਰਣਜੀਤਗੜ੍ਹ ਦਾ ਹੈ। ਘਟਨਾ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ। ਘਟਨਾ ਦਾ ਕਾਰਨ ਪਤਨੀ ਨਾਲ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ। ਪਰ ਲੋਕ ਪੁੱਛ ਰਹੇ ਹਨ ਕਿ 10 ਮਹੀਨੇ ਦੀ ਬੱਚੀ ਦਾ ਕੀ ਕਸੂਰ ਸੀ। ਸ਼ਾਇਦ ਬੱਚੀ ਵੀ ਪੁੱਛ ਰਹੀ ਹੋਵੇਗੀ, ਪਾਪਾ ਮੇਰਾ ਗੁਨਾਹ ਕੀ ਸੀ।
ਦੋਸ਼ੀ ਪਿਤਾ ਫੌਜੀ ਹੈ। ਇਸ ਵੇਲੇ ਉਹ ਅੰਬਾਲਾ ਵਿੱਚ ਤਾਇਨਾਤ ਹੈ। ਕਤਲ ਕੇਸ ਵਿੱਚ ਮੁਲਜ਼ਮ ਦੇ ਮਾਪਿਆਂ ਦਾ ਨਾਂ ਵੀ ਸ਼ਾਮਲ ਹੈ। ਥਾਣਾ ਸਦਰ ਦੀ ਪੁਲਿਸ ਨੇ ਸਾਰਿਆਂ ਖ਼ਿਲਾਫ਼ ਕਤਲ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁੱਖ ਮੁਲਜ਼ਮ ਮ੍ਰਿਤਕ ਲੜਕੀ ਦਾ ਪਿਤਾ ਫਰਾਰ ਹੈ ਜਦਕਿ ਪੁਲਿਸ ਨੇ ਮੁਲਜ਼ਮ ਦੇ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਅੰਬਾਲਾ ਕੈਂਟ ਵਿੱਚ ਤਾਇਨਾਤ ਫੌਜੀ ਸਤਨਾਮ ਸਿੰਘ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਪਿੰਡ ਲੱਖੋਕੇ ਬਹਿਰਾਮ (ਫ਼ਿਰੋਜ਼ਪੁਰ) ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ ਹੋਇਆ ਸੀ।
ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਤਨਾਮ, ਉਸ ਦੇ ਮਾਪੇ ਅਮਨਦੀਪ ਕੌਰ ਨਾਲ ਝਗੜਾ ਕਰਨ ਲੱਗ ਪਏ ਸਨ। ਉਹ ਅਮਨਦੀਪ ਦੇ ਚਰਿੱਤਰ ‘ਤੇ ਸ਼ੱਕ ਕਰਦੇ ਸਨ। ਇਸ ਦੌਰਾਨ ਕੁਝ ਸਮੇਂ ਬਾਅਦ ਉਸ ਨੇ ਅਮਨਦੀਪ ਨੂੰ ਘਰੋਂ ਕੱਢ ਦਿੱਤਾ। ਅਮਨਦੀਪ ਉਸ ਵੇਲੇ ਗਰਭਵਤੀ ਸੀ। ਸਤਨਾਮ ਨੇ ਆਪਣੀ ਪਤਨੀ ਅਮਨਦੀਪ ਤੋਂ ਤਲਾਕ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ।
ਦੂਜੇ ਪਾਸੇ ਅਮਨਦੀਪ ਨੇ ਸਤਨਾਮ ਦੀ ਸ਼ਿਕਾਇਤ ਫੌਜੀ ਅਧਿਕਾਰੀਆਂ ਨੂੰ ਕੀਤੀ। ਇਸ ਮਾਮਲੇ ਵਿੱਚ ਫੌਜ ਦੇ ਅਧਿਕਾਰੀਆਂ ਨੇ ਅੰਬਾਲਾ ਕੈਂਟ ਬੁਲਾ ਕੇ ਦੋਵਾਂ ਨਾਲ ਗੱਲਬਾਤ ਕੀਤੀ। ਇਸੇ ਦੌਰਾਨ ਅਮਨਦੀਪ ਕੌਰ ਨੇ ਆਪਣੇ ਪੇਕੇ ਘਰ ਬੱਚੀ ਨੂੰ ਜਨਮ ਦਿੱਤਾ। ਜਿਸ ਦਾ ਨਾਂ ਉਸ ਨੇ ਰਹਿਮਤ ਕੌਰ ਰੱਖਿਆ।
ਧੀ ਹੋਣ ਤੋਂ ਬਾਅਦ ਵੀ ਦੋਵਾਂ ਪਰਿਵਾਰਾਂ ਵਿੱਚ ਝਗੜਾ ਰਹਿੰਦਾ ਸੀ। 12 ਜੁਲਾਈ ਨੂੰ ਫੌਜ ਦੇ ਅਧਿਕਾਰੀਆਂ ਨੇ ਦੋਵਾਂ ਨੂੰ ਦੁਬਾਰਾ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਹੁਕਮ ਦਿੱਤਾ ਕਿ ਦੋਵੇਂ 20 ਦਿਨ ਇਕੱਠੇ ਰਹਿਣ। ਇਸ ਤੋਂ ਬਾਅਦ ਸਤਨਾਮ ਆਪਣੀ ਪਤਨੀ ਅਮਨਦੀਪ ਕੌਰ ਨੂੰ ਪਿੰਡ ਰਣਜੀਤਗੜ੍ਹ ਲੈ ਆਇਆ। ਇਨ੍ਹਾਂ 20 ਦਿਨਾਂ ਦੌਰਾਨ ਵੀ ਘਰੇਲੂ ਕਲੇਸ਼ ਖਤਮ ਨਹੀਂ ਹੋਇਆ। ਸਤਨਾਮ, ਉਸ ਦਾ ਪਿਤਾ ਸੁਖਚੈਨ ਅਤੇ ਮਾਂ ਸਵਰਨ ਕੌਰ ਨੇ ਅਮਨਦੀਪ ਕੌਰ ਨੂੰ ਧੀ ਰਹਿਮਤ ਕਿਸੇ ਹੋਰ ਦੀ ਬੱਚੀ ਹੋਣ ਦੇ ਮਹਿਣੇ ਮਾਰਨੇ ਸ਼ੁਰੂ ਕਰ ਦਿੱਤੇ। ਐਤਵਾਰ ਸ਼ਾਮ ਨੂੰ ਅਮਨਦੀਪ ਕੌਰ ਦਾ ਪਿਤਾ ਜਸਵਿੰਦਰ ਸਿੰਘ ਆਪਣੀ ਧੀ ਅਤੇ ਬੱਚੀ ਦੇ ਕੱਪੜੇ ਲੈ ਕੇ ਉਸ ਦੇ ਘਰ ਪਹੁੰਚਿਆ। ਜਦੋਂ ਉਹ ਪਹੁੰਚਿਆ ਤਾਂ ਘਰ ਵਿੱਚ ਕਲੇਸ਼ ਹੋਰ ਵੱਧ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਚਵਿੰਡਾ ਦੇਵੀ ਥਾਣੇ ‘ਤੇ ਹਮਲਾ, ਨਸ਼ੇ ਨਾਲ ਫੜੇ ਦੋਸ਼ੀ ਨੂੰ ਪੁਲਿਸ ਸਾਹਮਣੇ ਛੁਡਾ ਕੇ ਲੈ ਗਏ ਲੋਕ
ਅਮਨਦੀਪ ਦੇ ਪਤੀ ਅਤੇ ਸੱਸ ਨੇ ਰਹਿਮਤ ਨੂੰ ਲੜਾਈ ਦੀ ਜੜ੍ਹ ਕਹਿਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਤਨਾਮ ਨੇ ਅਮਨਦੀਪ ਕੌਰ ਦੇ ਹੱਥੋਂ ਕੁੜੀ ਖੋਹ ਲਈ ਤੇ ਲੱਤਾਂ ਤੋਂ ਫੜ ਕੇ ਫਰਸ਼ ‘ਤੇ ਪਟਕਾ ਕੇ ਮਾਰੀ। ਜਦੋਂ ਅਮਨਦੀਪ ਦੇ ਪਿਤਾ ਜਸਵਿੰਦਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਲੋਕ ਵੀ ਇਕੱਠੇ ਹੋ ਗਏ। ਬੱਚੀ ਨੂੰ ਹਸਪਤਾਲ ਲਿਜਾਇਆ ਗਿਆ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਥਾਣਾ ਸਦਰ ਦੇ ਇੰਚਾਰਜ ਜਗਸੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦਾ ਦਾਦਾ ਹੱਥ ‘ਤੇ ਸੱਟ ਦਾ ਕਹਿ ਕੇ ਸਿਵਲ ਹਸਪਤਾਲ ‘ਚ ਦਾਖਲ ਹੋ ਗਿਆ, ਜਿਥੇ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮਾਮਲੇ ਵਿੱਚ ਫੌਜੀ ਸਤਨਾਮ ਸਿੰਘ, ਉਸ ਦੇ ਪਿਤਾ ਸੁਖਚੈਨ ਸਿੰਘ ਅਤੇ ਮਾਤਾ ਸਵਰਨ ਕੌਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਮੁੱਖ ਦੋਸ਼ੀ ਫੌਜੀ ਸਤਨਾਮ ਸਿੰਘ ਦੀ ਭਾਲ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: