10 ਲੱਖ ਤੋਂ ਵੱਧ ਆਬਾਦੀ ਵਾਲੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਾਲੇ ਅਧਿਕਾਰੀਆਂ ਦੇ ਮੁੱਖ ਦਫ਼ਤਰਾਂ ਵਾਲਾ ਪ੍ਰਬੰਧਕੀ ਕੰਪਲੈਕਸ ਪਿਛਲੇ ਲੰਮੇ ਸਮੇਂ ਤੋਂ ਅਣਗਹਿਲੀ ਦਾ ਸ਼ਿਕਾਰ ਹੈ। ਜ਼ਿਲ੍ਹੇ ਭਰ ਵਿੱਚੋਂ ਆਪਣੇ ਕੰਮ ਕਰਵਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਧਿਕਾਰੀਆਂ ਕੋਲ ਪੁੱਜਣ ਵਾਲੇ ਲੋਕਾਂ ਨੂੰ ਇੱਥੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਬੰਧਕੀ ਕੰਪਲੈਕਸ ਵਿੱਚ ਕਈ ਥਾਵਾਂ ‘ਤੇ ਸੀਵਰੇਜ ਓਵਰਫਲੋਅ ਹੋਣ ਕਾਰਨ ਪਾਣੀ ਖੜ੍ਹਾ ਰਹਿੰਦਾ ਹੈ, ਜਦਕਿ ਪਖਾਨੇ ਵੀ ਹਰ ਸਮੇਂ ਪਾਣੀ ਨਾਲ ਭਰੇ ਰਹਿੰਦੇ ਹਨ। ਇਸ ਤੋਂ ਇਲਾਵਾ ਸੀਵਰੇਜ ਦਾ ਮੇਨ ਹਾਲ ਵੀ ਖੁੱਲ੍ਹਾ ਪਿਆ ਹੈ। ਇਨ੍ਹਾਂ ਵਿੱਚ ਕੋਈ ਵੀ ਡਿੱਗ ਸਕਦਾ ਹੈ ਅਤੇ ਹਾਦਸੇ ਵਾਪਰ ਸਕਦੇ ਹਨ। ਇਸ ਤੋਂ ਇਲਾਵਾ ਇਮਾਰਤ ਵਿੱਚ ਕਈ ਥਾਵਾਂ ਤੋਂ ਪਾਣੀ ਲੀਕ ਹੋ ਰਿਹਾ ਹੈ। ਜੋ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦਿੰਦੇ। ਪਬੰਧਕੀ ਕੰਪਲੈਕਸ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਜਦੋਂ ਉਥੇ ਜਾ ਕੇ ਦੇਖਿਆ ਗਿਆ ਤਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਦੇ ਅੰਦਰ ਵਾਟਰ ਕੂਲਰ ਵਿੱਚ ਪਿਛਲੇ ਕਈ ਦਿਨਾਂ ਤੋਂ ਪਾਣੀ ਲੀਕ ਹੋ ਰਿਹਾ ਹੈ।
ਇਸ ਕਾਰਨ ਉਥੇ ਪਾਣੀ ਇਕੱਠਾ ਹੋ ਗਿਆ ਹੈ। ਕੋਈ ਵਾਟਰ ਕੂਲਰ ਤੋਂ ਪਾਣੀ ਵੀ ਨਹੀਂ ਪੀ ਸਕਦਾ। ਇਸ ਤੋਂ ਇਲਾਵਾ ਪਾਣੀ ਭਰਨ ਕਾਰਨ ਉੱਥੇ ਮੱਛਰ ਪੈਦਾ ਹੋ ਰਹੇ ਹਨ। ਇਸ ਤੋਂ ਬਾਅਦ ਕੰਪਲੈਕਸ ਦੇ ਪਿਛਲੇ ਪਾਸੇ ਸਿਵਲ ਸਰਜਨ ਦਫ਼ਤਰ ਨੂੰ ਜਾਣ ਵਾਲੇ ਰਸਤੇ ‘ਤੇ ਕਾਫੀ ਸਮੇਂ ਤੋਂ ਸੀਵਰੇਜ ਦੇ ਓਵਰਫਲੋਅ ਹੋਣ ਕਾਰਨ ਪਾਣੀ ਭਰਿਆ ਹੋਇਆ ਹੈ ਪਰ ਇਸ ਵੱਲ ਕਿਸੇ ਦਾ ਧਿਆਨ ਨਹੀਂ ਹੈ। ਉਥੇ ਸੀਵਰੇਜ ਖੁੱਲ੍ਹੇ ਪਏ ਹਨ। ਇਨ੍ਹਾਂ ਵਿੱਚ ਪਾਣੀ ਭਰਨ ਕਾਰਨ ਮੱਛਰ ਪੈਦਾ ਹੁੰਦੇ ਹਨ। ਇਸ ਦੇ ਨਾਲ ਹੀ ਲੋਕ ਨਿਰਮਾਣ ਵਿਭਾਗ ਦੀ ਇਮਾਰਤ ਵਿੱਚੋਂ ਪਾਣੀ ਲੀਕ ਹੋ ਰਿਹਾ ਹੈ। ਇਸ ਨਾਲ ਕੰਧਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਸਿਵਲ ਸਰਜਨ ਦਫ਼ਤਰ ਨੂੰ ਜਾਣ ਵਾਲੀਆਂ ਪੌੜੀਆਂ ਦੇ ਸਾਹਮਣੇ ਪਖਾਨੇ ਦੇ ਅੰਦਰ ਪਾਣੀ ਭਰਿਆ ਹੋਇਆ ਹੈ। ਇਸ ਕਾਰਨ ਵਿਅਕਤੀ ਟਾਇਲਟ ਵੀ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੂੰ ਜਾਂਦੀ ਸੜਕ ‘ਤੇ ਸੀਵਰੇਜ ਓਵਰਫਲੋ ਹੋਣ ਕਾਰਨ ਪਾਣੀ ਭਰ ਗਿਆ ਹੈ, ਜਿਸ ਕਾਰਨ ਇੱਥੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ।