ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਤਮਗਾ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਲੁਧਿਆਣਾ ਦੇ ਰਹਿਣ ਵਾਲੇ ਵੇਟਲਿਫਟਰ ਵਿਕਾਸ ਠਾਕੁਰ ਨੇ ਮੰਗਲਵਾਰ ਨੂੰ ਬਰਮਿੰਘਮ ਵਿੱਚ ਕਾਮਨਵੈਲਥ ਗੇਮਸ 2022 ਵਿੱਚ ਮੈਨਸ 96 ਕਿਲੋਗ੍ਰਾਮ ਭਾਰ ਵਰਗ ਵੇਟਲਿਫਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਵਧਾਈ ਦਿੱਤੀ ਅਤੇ ਮਿਹਨਤ ਜਾਰੀ ਰਖਣ ਦੇ ਨਾਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਸ਼ਾਬਾਸ਼ੀ ਦਿੱਤੀ।
ਵਿਕਾਸ ਨੇ 346 ਕਿ.ਗ੍ਰਾ. (ਸਨੈਚ ਵਿੱਚ 155 ਕਿ.ਗ੍ਰਾ. ਤੇ ਕਲੀਨ ਐਂਡ ਜਰਕ ਵਿੱਚ 199 ਕਿ.ਗ੍ਰਾ.) ਦਾ ਸਾਂਝਾ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਇਹ ਵਿਕਾਸ ਠਾਕੁਰ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਤੀਜਾ ਤਮਗਾ ਹੈ। ਉਸ ਨੇ ਗਲਾਸਗੋ 2014 ਵਿੱਚ ਚਾਂਦੀ ਤੇ ਗੋਲਡ ਕੋਸਟ 2018 ਵਿੱਚ ਕਾਂਸੀ ਤਮਗਾ ਜਿੱਤਿਆ ਸੀ।
ਪੰਜ ਵਾਰ ਰਾਸ਼ਟਰਮੰਡਲ ਚੈਂਪੀਸ਼ਅਨਸ਼ਿਪ ਦੇ ਤਮਗਾ ਜੇਤੂ ਠਾਕੁਰ ਨੇ 149 ਕਿ.ਗ੍ਰਾ., 153 ਕਿ.ਗ੍ਰਾ. ਅਤੇ 155 ਕਿ.ਗ੍ਰਾ. ਭਾਰ ਚੁੱਕ ਕੇ ਸਨੈਚ ਰਾਊਂਡ ਤੋੰ ਬਾਅਦ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਕਬਜ਼ਾ ਕੀਤਾ। ਕਲੀਨ ਐਂਡ ਜਰਕ ਵਰਗ ਵਿੱਚ ਵਿਕਾਸ ਨੇ 187 ਕਿ.ਗ੍ਰਾ. ਭਾਰ ਚੁੱਕ ਕੇ ਸ਼ੁਰੂਆਤ ਕੀਤੀ, ਜਿਸ ਨੂੰ ਉਸ ਨੇ ਬਾਖੂਬੀ ਅੰਜਾਮ ਦਿੱਤਾ। ਉਸ ਦੀ ਦੂਜੀ ਕੋਸ਼ਿਸ਼ 191 ਕਿ.ਗ੍ਰਾ. ਦੀ ਸੀ। ਤੀਜੀ ਕੋਸ਼ਿਸ਼ ਖਰਾਬ ਗਈ।
ਇਹ ਵੀ ਪੜ੍ਹੋ : CM ਮਾਨ ਨਾਲ ਮੀਟਿੰਗ ਮਗਰੋਂ ਕਿਸਾਨਾਂ ਦਾ ਚੱਕਾ ਜਾਮ ਟਲਿਆ, 7 ਸਤੰਬਰ ਤੱਕ ਬਕਾਇਆ ਦੇਵੇਗੀ ਸਰਕਾਰ
ਦੱਸ ਦੇਈਏ ਕਿ ਭਾਰਤੀ ਵੇਟਲਿਫਟਿੰਗ ਦਲ ਨੇ ਬਰਮਿੰਘਮ 2022 ਵਿੱਚ ਅੱਠ ਤਮਗੇ ਜਿੱਤੇ ਹਨ, ਜਿਨ੍ਹਾਂ ਵਿੱਚ ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ, ਅਚਿੰਤਾ ਸ਼ੇਉਲੀ, ਸੰਕੇਤ ਸਰਗਰ, ਬਿੰਦਿਆਰਾਨੀ ਦੇਵੀ, ਗੁਰੂਰਾਜਾ ਪੁਜਾਰੀ, ਹਰਜਿੰਦਰ ਕੌਰ ਤੇ ਵਿਕਾਸ ਠਾਕੁਰ ਸਾਰਿਆਂ ਨੇ ਪੋਡੀਅਮ ਫਿਨਿਸ਼ ਕੀਤਾ ਹੈ। ਇਨ੍ਹਾਂ ਵਿੱਚੋਂ ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ ਤੇ ਅਚਿੰਤਾ ਸ਼ੇਉਲੀ ਨੇ ਗੋਲਡ ਮੈਡਲ ਜਿੱਤਿਆ ਹੈ।
ਵੀਡੀਓ ਲਈ ਕਲਿੱਕ ਕਰੋ -: