ਲੁਧਿਆਣਾ ਜ਼ਿਲ੍ਹੇ ਵਿੱਚ ਬੈਂਕ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਦਾਖਾ ਦੇ ਪਿੰਡ ਦੇਤਵਾਲ ‘ਚ ਸ਼ਾਮ ਚਾਰ ਵਜੇ ਪੰਜ ਹਥਿਆਰਬੰਦ ਨਕਾਬਪੋਸ਼ਾਂ ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ‘ਚੋਂ 7 ਲੱਖ 44 ਹਜ਼ਾਰ 230 ਰੁਪਏ ਲੁੱਟ ਲਏ।
ਦੋ ਮੋਟਰਸਾਈਕਲਾਂ ‘ਤੇ ਆਏ ਲੁਟੇਰਿਆਂ ਕੋਲ 12 ਬੋਰ ਦੀ ਬੰਦੂਕ, ਇੱਕ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ। ਲੁਟੇਰਿਆਂ ਦੀ ਉਮਰ 20 ਤੋਂ 25 ਸਾਲ ਦਰਮਿਆਨ ਹੈ। 10 ਮਿੰਟਾਂ ‘ਚ ਹੀ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਸਹਾਇਕ ਮੈਨੇਜਰ ਰਿਪਸੀ ਅਰੋੜਾ ਨੇ ਦੱਸਿਆ ਕਿ ਬੈਂਕ ਵਿੱਚ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਹੈ। ਪੰਜ ਲੁਟੇਰਿਆਂ ਵਿੱਚੋਂ ਚਾਰ ਬੈਂਕ ਅੰਦਰ ਦਾਖ਼ਲ ਹੋਏ ਜਦਕਿ ਇੱਕ ਨੇ ਬਾਹਰ ਨਿਗਰਾਨੀ ਰੱਖੀ। ਅੰਦਰ ਦਾਖਲ ਹੋਏ ਲੁਟੇਰਿਆਂ ਵਿੱਚੋਂ ਇੱਕ ਕੋਲ ਬੰਦੂਕ, ਇੱਕ ਕੋਲ ਪਿਸਤੌਲ ਅਤੇ ਦੋ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਲੁਟੇਰਿਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਸਟਾਫ਼ ਸਣੇ ਬੈਂਕ ਵਿੱਚ ਮੌਜੂਦ ਸਾਰਿਆਂ ਦੇ ਮੋਬਾਈਲ ਫ਼ੋਨ ਖੋਹ ਲਏ।
ਇਸ ਤੋਂ ਬਾਅਦ ਉਹ ਹਥਿਆਰ ਲਹਿਰਾਉਂਦੇ ਹੋਏ ਬੈਂਕ ਦੇ ਕੈਸ਼ੀਅਰ ਦੇ ਕਾਊਂਟਰ ‘ਚ ਦਾਖਲ ਹੋਏ ਅਤੇ ਉਸ ਨੂੰ ਬਾਹਰ ਕੱਢ ਦਿੱਤਾ। ਲੁਟੇਰੇ ਕੈਸ਼ ਕਾਊਂਟਰ ਵਿਚ ਰੱਖੇ ਬੈਗ ਵਿਚ 7 ਲੱਖ 44 ਹਜ਼ਾਰ 230 ਰੁਪਏ ਭਰ ਕੇ ਫਰਾਰ ਹੋ ਗਏ। ਸੀਸੀਟੀਵੀ ਫੁਟੇਜ ਵਿੱਚ ਦੋ ਮੋਟਰਸਾਈਕਲਾਂ ’ਤੇ ਸਵਾਰ ਪੰਜ ਲੁਟੇਰਿਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ।
ਘਟਨਾ ਤੋਂ ਬਾਅਦ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਹਰਜੀਤ ਸਿੰਘ, ਡੀਐਸਪੀ ਦਾਖਾ ਜਸ਼ਦੀਪ ਸਿੰਘ, ਥਾਣਾ ਸਦਰ ਦੇ ਇੰਚਾਰਜ ਅਜੀਤਪਾਲ ਸਿੰਘ ਟੀਮ ਫੋਰਸ ਨਾਲ ਬੈਂਕ ਵਿੱਚ ਪੁੱਜੇ। ਪੂਰੇ ਇਲਾਕੇ ‘ਚ ਨਾਕਾਬੰਦੀ ਕੀਤੀ ਗਈ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਗਾ। ਪੁਲਿਸ ਡੌਗ ਸਕੁਐਡ, ਫਿੰਗਰ ਪ੍ਰਿੰਟ ਮਾਹਿਰਾਂ ਅਤੇ ਹੋਰ ਤਕਨੀਕੀ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਬੈਂਕ ਦੇ ਸੀਨੀਅਰ ਮੈਨੇਜਰ ਛੁੱਟੀ ‘ਤੇ ਸਨ। ਉੱਚ ਅਧਿਕਾਰੀਆਂ ਸਮੇਤ ਹੋਰ ਅਧਿਕਾਰੀ ਪੂਰੇ ਇਲਾਕੇ ਦੇ ਸੀਸੀਟੀਵੀ ਸਕੈਨ ਕਰਨ ਵਿੱਚ ਲੱਗੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਲੁਧਿਆਣਾ ਦੇ ਐਸਐਸਪੀ ਦਿਹਾਤੀ ਹਰਜੀਤ ਸਿੰਘ ਨੇ ਦੱਸਿਆ ਕਿ ਬੈਂਕ ਦੇ ਕੈਸ਼ੀਅਰ ਕਮਲਪ੍ਰੀਤ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਪੰਜੇ ਲੁਟੇਰੇ ਇਲਾਕੇ ਨਾਲ ਸਬੰਧਤ ਜਾਪਦੇ ਹਨ। ਕੁਝ ਸੁਰਾਗ ਹੱਥ ਆ ਗਏ ਹਨ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਬੈਂਕ ਵਿੱਚ ਕੋਈ ਸੁਰੱਖਿਆ ਕਰਮਚਾਰੀ ਨਹੀਂ ਹੈ। ਸਾਰੇ ਲੁਟੇਰਿਆਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਜਾਪਦੀ ਹੈ।