ਚੰਡੀਗੜ੍ਹ : ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਅਤੇ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਅਧੀਨ ਪੈਂਦੀਆਂ ਸ਼ਹਿਰੀ ਜਾਇਦਾਦਾਂ ਲੋਕਾਂ ਦੀ ਖਰੀਦ ਲਈ ਉਪਲਬਧ ਹੋਣਗੀਆਂ ਕਿਉਂ ਜੋ ਇਨ੍ਹਾਂ ਅਥਾਰਟੀਆਂ ਵੱਲੋਂ ਇਸ ਮਹੀਨੇ ਤੋਂ ਇਨ੍ਹਾਂ ਜਾਇਦਾਦਾਂ ਦੀ ਈ-ਨਿਲਾਮੀ ਸ਼ੁਰੂ ਕੀਤੀ ਜਾ ਰਹੀ ਹੈ।
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਮੁਤਾਬਕ ਈ-ਨਿਲਾਮੀ ਵਾਲੀਆਂ ਜਾਇਦਾਦਾਂ ਵਿਚ ਰਿਹਾਇਸ਼ੀ ਪਲਾਟ, ਐਸ.ਸੀ.ਓ., ਦੁਕਾਨਾਂ, ਬੂਥ ਆਦਿ ਦੇ ਨਾਲ-ਨਾਲ ਅੰਮ੍ਰਿਤਸਰ, ਜਲੰਧਰ, ਬਟਾਲਾ, ਗੁਰਦਾਸਪੁਰ, ਕਪੂਰਥਲਾ ਅਤੇ ਫਗਵਾੜਾ ਦੇ ਪ੍ਰਮੁੱਖ ਖੇਤਰਾਂ ਵਿੱਚ ਸਥਿਤ ਵੱਡੀਆਂ ਥਾਵਾਂ ਜਿਵੇਂ ਸਕੂਲ ਅਤੇ ਗਰੁੱਪ ਹਾਊਸਿੰਗ ਜਿਹੀਆਂ ਮਹਿੰਗੇ ਭਾਅ ਦੀਆਂ ਜਾਇਦਾਦਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : CM ਮਾਨ ਦਾ ਐਲਾਨ, ਆਉਣ ਵਾਲੇ ਪੰਜ ਸਾਲਾਂ ਦੌਰਾਨ ਸੂਬੇ ‘ਚ 16 ਨਵੇਂ ਮੈਡੀਕਲ ਕਾਲਜਾਂ ਬਣਨਗੇ
ਜਲੰਧਰ ਵਿਕਾਸ ਅਥਾਰਟੀ ਵੱਲੋਂ ਰਿਹਾਇਸ਼ੀ ਪਲਾਟਾਂ, ਵਪਾਰਕ ਸਾਈਟਾਂ ਜਿਵੇਂ ਐੱਸ.ਸੀ.ਓ, ਬੂਥ, ਐਸ.ਸੀ.ਐਸ, ਦੋ ਮੰਜ਼ਿਲਾ ਦੁਕਾਨਾਂ, ਐਸ.ਸੀ.ਐਫ. ਤੋਂ ਇਲਾਵਾ ਕਪੂਰਥਲਾ ਰੋਡ, ਜਲੰਧਰ ‘ਤੇ ਸਥਿਤ 919.74 ਵਰਗ ਮੀਟਰ ਖੇਤਰ ਅਤੇ 11.73 ਕਰੋੜ ਰੁਪਏ ਦੀ ਰਾਖਵੀਂ ਕੀਮਤ ਵਾਲੀ ਥਾਂ, ਅਰਬਨ ਅਸਟੇਟ ਸੁਲਤਾਨਪੁਰ ਲੋਧੀ ਵਿਖੇ 3398.84 ਵਰਗ ਮੀਟਰ ਅਤੇ 2.20 ਕਰੋੜ ਰੁਪਏ ਦੀ ਰਾਖਵੀਂ ਕੀਮਤ ਵਾਲੀ ਸਕੂਲ ਦੀ ਥਾਂ, ਛੋਟੀ ਬਰਾਦਰੀ, ਭਾਗ-2, ਜਲੰਧਰ ਵਿੱਚ ਸਥਿਤ 12017.33 ਵਰਗ ਮੀਟਰ ਖੇਤਰ ਅਤੇ 97.75 ਕਰੋੜ ਰੁਪਏ ਦੀ ਰਾਖਵੀਂ ਕੀਮਤ ਵਾਲੀ ਗਰੁੱਪ ਹਾਊਸਿੰਗ ਥਾਂ ਦੀ ਈ-ਨਿਲਾਮੀ ਕੀਤੀ ਜਾਵੇਗੀ। ਜਲੰਧਰ ਵਿਕਾਸ ਅਥਾਰਟੀ ਵੱਲੋਂ ਇਨ੍ਹਾਂ ਜਾਇਦਾਦਾਂ ਦੀ ਈ-ਨਿਲਾਮੀ 15 ਅਗਸਤ, 2022 ਨੂੰ ਸਵੇਰੇ 9.00 ਵਜੇ ਸ਼ੁਰੂ ਕੀਤੀ ਜਾਵੇਗੀ, ਜੋ 26 ਅਗਸਤ, 2022 ਨੂੰ ਬਾਅਦ ਦੁਪਹਿਰ 03.00 ਵਜੇ ਸਮਾਪਤ ਹੋਵੇਗੀ।
ਇਸੇ ਤਰ੍ਹਾਂ ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ ਅੰਮ੍ਰਿਤਸਰ, ਬਟਾਲਾ ਅਤੇ ਗੁਰਦਾਸਪੁਰ ਵਿੱਚ ਸਥਿਤ ਰਿਹਾਇਸ਼ੀ ਪਲਾਟਾਂ ਅਤੇ ਐੱਸ.ਸੀ.ਓਜ਼ ਦੀ ਨਿਲਾਮੀ ਕੀਤੀ ਜਾ ਰਹੀ ਹੈ। ਇਨ੍ਹਾਂ ਜਾਇਦਾਦਾਂ ਲਈ ਈ-ਨਿਲਾਮੀ 22 ਅਗਸਤ, 2022 ਨੂੰ ਸਵੇਰੇ 9.00 ਵਜੇ ਸ਼ੁਰੂ ਹੋਵੇਗੀ ਅਤੇ 2 ਸਤੰਬਰ, 2022 ਨੂੰ ਬਾਅਦ ਦੁਪਹਿਰ 03.00 ਵਜੇ ਸਮਾਪਤ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਨਿਲਾਮੀ ਵਾਲੀਆਂ ਥਾਵਾਂ ਦਾ ਕਬਜ਼ਾ ਅਲਾਟਮੈਂਟ ਪੱਤਰ ਜਾਰੀ ਹੋਣ ਤੋਂ 90 ਦਿਨਾਂ ਦੇ ਅੰਦਰ-ਅੰਦਰ ਸਫ਼ਲ ਬੋਲੀਕਾਰਾਂ ਨੂੰ ਸੌਂਪ ਦਿੱਤਾ ਜਾਵੇਗਾ। ਸਾਈਟਾਂ ਦਾ ਕਬਜ਼ਾ ਛੇਤੀ ਸੌਂਪਣ ਨਾਲ ਅਲਾਟੀ ਜਲਦ ਤੋਂ ਜਲਦ ਉਸਾਰੀ ਸ਼ੁਰੂ ਕਰਨ ਦੇ ਨਾਲ-ਨਾਲ ਸਾਈਟ ਨੂੰ ਰਿਹਾਇਸ਼ੀ ਜਾਂ ਵਪਾਰਕ ਮੰਤਵ ਲਈ ਵਰਤ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ… “
ਉਨ੍ਹਾਂ ਕਿਹਾ ਕਿ ਰਾਖਵੀਂ ਕੀਮਤ, ਵਾਤਾਵਰਨ, ਜਗ੍ਹਾ ਦਾ ਪਲਾਨ, ਭੁਗਤਾਨ ਅਤੇ ਹੋਰ ਨਿਯਮ ਤੇ ਸ਼ਰਤਾਂ ਸਮੇਤ ਜਾਇਦਾਦਾਂ ਨਾਲ ਸਬੰਧਤ ਹੋਰ ਵੇਰਵੇ ਨਿਲਾਮੀ ਪੋਰਟਲ www.puda.e-auctions.in ‘ਤੇ ਅਪਲੋਡ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਈ-ਨਿਲਾਮੀ ਵਿੱਚ ਹਿੱਸਾ ਲੈਣ ਦੇ ਇੱਛੁਕ ਬੋਲੀਕਾਰਾਂ ਨੂੰ ਨਿਲਾਮੀ ਪੋਰਟਲ ‘ਤੇ ਸਾਈਨ-ਅਪ ਕਰਕੇ ਯੂਜ਼ਰ ਆਈਡੀ ਅਤੇ ਪਾਸਵਰਡ ਪ੍ਰਾਪਤ ਕਰਨਾ ਹੋਵੇਗਾ। ਬੋਲੀਕਾਰਾਂ ਨੂੰ ਨੈੱਟ ਬੈਂਕਿੰਗ/ ਡੈਬਿਟ ਕਾਰਡ/ ਕ੍ਰੈਡਿਟ ਕਾਰਡ/ ਆਰ.ਟੀ.ਜੀ.ਐਸ./ ਐਨ.ਈ.ਐਫ.ਟੀ. ਰਾਹੀਂ ਯੋਗਤਾ ਫੀਸ ਜਮ੍ਹਾਂ ਕਰਾਉਣੀ ਹੋਵੇਗੀ, ਜੋ ਮੁੜਨਯੋਗ/ ਅਡਜਸਟੇਬਲ ਹੋਵੇਗੀ।