ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿੱਚ ਪੰਜਾਬ ਦੇ ਸਫ਼ਰ ਨੂੰ ਦਰਸਾਉਣ ਲਈ ਪਟਿਆਲਾ ਦੇ ਸਿਵਲ ਏਅਰੋਡਰੋਮ ਵਿਖੇ ‘ਪੰਜਾਬ ਐਵੀਏਸ਼ਨ ਮਿਊਜ਼ੀਅਮ’ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਇਹ ਫੈਸਲਾ ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ ਵੱਲੋਂ ਦਿੱਤੇ ਪ੍ਰਸਤਾਵ ‘ਤੇ ਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਕੰਮ ਕਰਨ ਦੇ ਪੰਜਾਬ ਦੇ ਸਦੀ ਪੁਰਾਣੇ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਗਿਆਨ ਅਤੇ ਸਿੱਖਿਆ ਲਈ ਪ੍ਰਦਰਸ਼ਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਪੰਜਾਬ ਐਵੀਏਸ਼ਨ ਮਿਊਜ਼ੀਅਮ ਪਟਿਆਲਾ ਦੇ ਸਿਵਲ ਐਰੋਡਰੋਮ ਵਿਖੇ ਸਥਾਪਿਤ ਕੀਤਾ ਜਾਵੇਗਾ।
ਸੀ.ਐੱਮ. ਮਾਨ ਨੇ ਕਿਹਾ ਕਿ ਆਉਣ ਵਾਲੇ ਅਜਾਇਬ ਘਰ ਵਿੱਚ ਸੂਬੇ ਦੇ ਹਵਾਬਾਜ਼ੀ ਖੇਤਰ ਦੇ ਇਤਿਹਾਸ ਅਤੇ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਵਾਈ ਜਹਾਜ਼ਾਂ ਦੀਆਂ ਅਸਲ ਪ੍ਰਤੀਕ੍ਰਿਤੀਆਂ ਤੋਂ ਇਲਾਵਾ ਇਸ ਅਜਾਇਬ ਘਰ ਵਿੱਚ ਤਸਵੀਰਾਂ, ਨਕਸ਼ੇ, ਮਾਡਲ, ਚਿੱਤਰ, ਕੱਪੜੇ ਅਤੇ ਹਵਾਈ ਜਹਾਜ਼ਾਂ ਦੁਆਰਾ ਵਰਤੇ ਜਾਂਦੇ ਸਾਜ਼ੋ-ਸਾਮਾਨ ਨੂੰ ਵੀ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਇਸ ਅਜਾਇਬ ਘਰ ਵਿੱਚ ਪੀਰੀਓਡਿਕਲਸ, ਤਕਨੀਕੀ ਮੈਨੂਅਲ, ਫੋਟੋਆਂ ਅਤੇ ਨਿੱਜੀ ਪੁਰਾਲੇਖਾਂ ਦੇ ਸੈੱਟ ਵੀ ਹੋਣੇ ਚਾਹੀਦੇ ਹਨ, ਜੋ ਅਕਸਰ ਹਵਾਬਾਜ਼ੀ ਖੋਜਕਰਤਾਵਾਂ ਨੂੰ ਲੇਖ ਜਾਂ ਕਿਤਾਬਾਂ ਲਿਖਣ ਲਈ ਜਾਂ ਹਵਾਈ ਜਹਾਜ਼ ਦੀ ਬਹਾਲੀ ‘ਤੇ ਕੰਮ ਕਰ ਰਹੇ ਏਅਰਕ੍ਰਾਫਟ ਰੀਸਟੋਰੇਸ਼ਨ ਮਾਹਿਰਾਂ ਨੂੰ ਉਪਲਬਧ ਕਰਵਾਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ 350 ਏਕੜ ਵਿੱਚ ਫੈਲਿਆ ਪਟਿਆਲਾ ਐਵੀਏਸ਼ਨ ਕੰਪਲੈਕਸ ਇੱਕ ਵਿਰਾਸਤੀ ਸੰਸਥਾ ਹੈ ਜੋ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸਥਾਪਿਤ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਮੁੜ ਕਲੇਸ਼, MLA ਸੰਦੀਪ ਜਾਖੜ ਤੇ ਵੜਿੰਗ ਦੀ ਲੜਾਈ ‘ਚ ਢਿੱਲੋਂ ਦੀ ਐਂਟਰੀ
ਮੁੱਖ ਮੰਤਰੀ ਨੇ ਕਿਹਾ ਕਿ ਕਲੱਬ ਕੋਲ ਪਹਿਲਾਂ ਹੀ ਇੰਸਟਰੂਮੈਂਟ ਫਲਾਇੰਗ ਅਤੇ ਇੰਸਟਰੂਮੈਂਟ ਪ੍ਰਕਿਰਿਆ ਦੀ ਸਿਖਲਾਈ ਲਈ ਸਿੰਗਲ ਇੰਜਣ ਸੇਸਨਾ 172 ਗਲਾਸ ਕਾਕਪਿਟ ਸਿਮੂਲੇਟਰ, ਅਤਿ-ਆਧੁਨਿਕ ਟਰੇਨਿੰਗ ਏਡਜ਼, ਇੱਕ ਵਧੀਆ ਲਾਇਬ੍ਰੇਰੀ ਅਤੇ ਜ਼ਮੀਨੀ ਸਿਖਲਾਈ ਦੇਣ ਲਈ ਆਧੁਨਿਕ ਕਲਾਸ ਰੂਮ ਮੌਜੂਦ ਹਨ।
ਭਗਵੰਤ ਮਾਨ ਨੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਨੂੰ ਨਿਰਦੇਸ਼ ਦਿੱਤੇ ਕਿ ਉਹ ਸਮੁੱਚੇ ਪ੍ਰਾਜੈਕਟ ਨੂੰ ਨਿਰਵਿਘਨ ਅਤੇ ਨਤੀਜਾਮੁਖੀ ਢੰਗ ਨਾਲ ਨੇਪਰੇ ਚਾੜ੍ਹਨ ਤਾਂ ਜੋ ਇਸ ਨੂੰ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: