ਹਿਮਾਚਲ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੰਡੀ ਅਤੇ ਚੰਬਾ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਚੰਬਾ ਦੇ ਭਟਿਆਟ ‘ਚ ਤਿੰਨ, ਮੰਡੀ ‘ਚ ਇਕ ਅਤੇ ਕਾਂਗੜਾ ਦੇ ਸ਼ਾਹਪੁਰ ‘ਚ 9 ਸਾਲਾ ਬੱਚੀ ਦੀ ਮਕਾਨ ਡਿੱਗਣ ਨਾਲ ਮੌਤ ਹੋ ਗਈ ਹੈ। ਚੰਬਾ ਅਤੇ ਮੰਡੀ ਵਿੱਚ 15 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਹਮੀਰਪੁਰ ‘ਚ 10 ਤੋਂ 12 ਘਰ ਨਦੀ ‘ਚ ਡੁੱਬ ਗਏ ਹਨ। ਇਨ੍ਹਾਂ ‘ਚ ਫਸੇ 19 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ ਦੋ ਲੋਕ ਅਜੇ ਵੀ ਫਸੇ ਹੋਏ ਹਨ।
ਦੂਜੇ ਪਾਸੇ ਕਾਂਗੜਾ ਵਿੱਚ ਭਾਰੀ ਮੀਂਹ ਕਾਰਨ ਚੱਕੀ ਨਦੀ ਵਿੱਚ ਬਣਿਆ ਹਿਮਾਚਲ ਅਤੇ ਪੰਜਾਬ ਨੂੰ ਜੋੜਨ ਵਾਲਾ ਰੇਲਵੇ ਪੁਲ ਰੁੜ੍ਹ ਗਿਆ। ਹਾਲਾਂਕਿ, ਇੱਕ ਹਫ਼ਤਾ ਪਹਿਲਾਂ ਪੁਲ ਨੂੰ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਸੀ। ਇਸ ਕਾਰਨ ਅਗਸਤ ਦੇ ਪਹਿਲੇ ਹਫ਼ਤੇ ਹੀ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਚੰਬਾ ਜ਼ਿਲ੍ਹੇ ਦੇ ਚੁਵੜੀ ਦੇ ਬਨੇਤ ਪਿੰਡ ਵਿੱਚ ਤਿੰਨ ਲੋਕ ਲਾਪਤਾ ਹੋ ਗਏ। ਸੂਬੇ ਦੇ ਕਈ ਖੇਤਰ ਅਜਿਹੇ ਹਨ ਜਿੱਥੋਂ ਦੀ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਇਸ ਕਾਰਨ ਦੁਪਹਿਰ ਤੱਕ ਜਾਨੀ ਤੇ ਮਾਲੀ ਨੁਕਸਾਨ ਹੋਰ ਵਧਣ ਦਾ ਖਦਸ਼ਾ ਹੈ।
ਭਾਰੀ ਮੀਂਹ ਕਾਰਨ ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਬੰਦ ਕਰ ਦਿੱਤੇ ਹਨ। ਚੰਬਾ ਅਤੇ ਕੁੱਲੂ ਵਿੱਚ ਵੀ ਕੁਝ ਸਕੂਲ ਬੰਦ ਕਰ ਦਿੱਤੇ ਗਏ ਹਨ।
ਸੂਬੇ ਵਿੱਚ ਮੀਂਹ ਕਾਰਨ 1135 ਕਰੋੜ ਰੁਪਏ ਦੀ ਸਰਕਾਰੀ ਅਤੇ ਨਿੱਜੀ ਜਾਇਦਾਦ ਤਬਾਹ ਹੋ ਗਈ ਹੈ। ਇਸ ਮਾਨਸੂਨ ‘ਚ ਹੁਣ ਤੱਕ 217 ਲੋਕ ਸੜਕ ਹਾਦਸਿਆਂ, ਬੱਦਲ ਫਟਣ, ਹੜ੍ਹ, ਜ਼ਮੀਨ ਖਿਸਕਣ ‘ਚ ਆਪਣੀ ਜਾਨ ਗੁਆ ਚੁੱਕੇ ਹਨ। ਸੂਬੇ ਦੇ ਜ਼ਿਆਦਾਤਰ ਦਰਿਆਵਾਂ ‘ਤੇ ਬਣੇ ਡੈਮ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਏ ਹਨ।