body swelling food tips: ਸੋਜ਼ ਸਰੀਰ ਦਾ ਇੱਕ ਨੈਚੂਰਲ ਰਿਸਪੌਂਸ ਹੈ। ਜਦੋਂ ਵੀ ਤੁਹਾਨੂੰ ਸੱਟ ਲੱਗਦੀ ਹੈ ਜਾਂ ਸਰੀਰ ਦੇ ਕਿਸੇ ਹਿੱਸੇ ‘ਚ ਕੋਈ ਸਮੱਸਿਆ ਹੁੰਦੀ ਹੈ ਤਾਂ ਪ੍ਰਭਾਵਿਤ ਹਿੱਸੇ ‘ਚ ਸੋਜ ਆ ਜਾਂਦੀ ਹੈ। ਇਹ ਤੁਹਾਨੂੰ ਸਥਿਤੀ ਬਾਰੇ ਸੁਚੇਤ ਕਰਨ ਅਤੇ ਉਸ ਖੇਤਰ ਨੂੰ ਹੋਰ ਸੱਟ ਲੱਗਣ ਤੋਂ ਰੋਕਣ ਦਾ ਸਰੀਰ ਦਾ ਆਪਣਾ ਤਰੀਕਾ ਹੈ। ਸੋਜ਼ ਸਿਰਫ ਬਾਹਰੀ ਨਹੀਂ ਹੈ ਇਹ ਅੰਦਰੂਨੀ ਵੀ ਹੈ। ਇਸ ਅੰਦਰੂਨੀ ਸੋਜ ਨੂੰ ਇੰਫਲਾਮੇਸ਼ਨ ਕਿਹਾ ਜਾਂਦਾ ਹੈ। ਸਰੀਰ ਦੇ ਅੰਗਾਂ ‘ਚ ਸੋਜ ਕਈ ਸਮੱਸਿਆਵਾਂ ਅਤੇ ਬਿਮਾਰੀਆਂ ਦਾ ਕਾਰਨ ਬਣਦੀ ਹੈ ਜਿਸ ‘ਚ ਗਠੀਆ, ਹਾਰਟ ਅਟੈਕ, ਸ਼ੂਗਰ, ਅਲਜ਼ਾਈਮਰ, ਕੈਂਸਰ ਆਦਿ ਸ਼ਾਮਲ ਹਨ। ਸਰੀਰ ‘ਚ ਪੁਰਾਣੀ ਸੋਜਸ਼ ਨੂੰ ਦੂਰ ਕਰਨ ਲਈ ਦਵਾਈਆਂ ਦੀ ਵਰਤੋਂ ਜ਼ਰੂਰੀ ਹੈ। ਇਸ ਤੋਂ ਇਲਾਵਾ ਕੁਝ ਅਜਿਹੇ ਭੋਜਨ ਹਨ ਜੋ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਸਬਜ਼ੀਆਂ ਬਾਰੇ ਦੱਸ ਰਹੇ ਹਾਂ ਜੋ ਨਾ ਸਿਰਫ ਸਾਡੇ ਸਰੀਰ ਦੀ ਸੋਜ ਨੂੰ ਘੱਟ ਕਰਦੀਆਂ ਹਨ ਸਗੋਂ ਸਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੀਆਂ ਹਨ। ਸਬਜ਼ੀਆਂ ‘ਚ ਐਂਟੀਆਕਸੀਡੈਂਟ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ ਅਤੇ ਇਹ ਐਂਟੀਆਕਸੀਡੈਂਟ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।
ਹਰੀਆਂ ਪੱਤੇਦਾਰ ਸਬਜ਼ੀਆਂ: ਗੋਭੀ, ਮੇਥੀ, ਸਾਗ ਅਤੇ ਪਾਲਕ ਵਿਟਾਮਿਨ ਈ ਨਾਲ ਭਰਪੂਰ ਹੁੰਦੀ ਹੈ ਜੋ ਸੋਜ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦੀ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜੋ ਸਾਡੇ ਲਈ ਬਹੁਤ ਫਾਇਦੇਮੰਦ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ‘ਚ ਆਇਰਨ, ਪੋਟਾਸ਼ੀਅਮ ਅਤੇ ਮੈਂਗਨੀਜ਼ ਵੀ ਭਰਪੂਰ ਹੁੰਦਾ ਹੈ। ਇਨ੍ਹਾਂ ਸਬਜ਼ੀਆਂ ਨੂੰ ਤੁਸੀਂ ਸੂਪ ਜਾਂ ਜੂਸ ਬਣਾ ਕੇ ਪੀ ਸਕਦੇ ਹੋ।
ਬ੍ਰੋਕਲੀ: ਬ੍ਰੋਕਲੀ ਸਾਡੀ ਸਿਹਤ ਲਈ ਬਹੁਤ ਵਧੀਆ ਹੈ। ਬ੍ਰੋਕਲੀ ‘ਚ ਸਲਫੋਰਾਫੇਨ ਨਾਮ ਦਾ ਤੱਤ ਹੁੰਦਾ ਹੈ ਜੋ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਤੁਸੀਂ ਬ੍ਰੋਕਲੀ ਨੂੰ ਸਬਜ਼ੀ ਅਤੇ ਸੂਪ ਦੇ ਤੌਰ ‘ਤੇ ਖਾ ਸਕਦੇ ਹੋ ਜਾਂ ਇਸ ਨੂੰ ਸਟੀਮ ਕਰਕੇ ਖਾ ਸਕਦੇ ਹੋ। ਬ੍ਰੋਕਲੀ ਨਾ ਸਿਰਫ ਸੋਜ ਨੂੰ ਘੱਟ ਕਰਦੀ ਹੈ ਬਲਕਿ ਇਹ ਸਾਡੀ ਇਮਿਊਨਿਟੀ ਨੂੰ ਵਧਾਉਣ ‘ਚ ਵੀ ਮਦਦ ਕਰਦੀ ਹੈ। ਜੇਕਰ ਤੁਸੀਂ ਬ੍ਰੋਕਲੀ ਖਾਂਦੇ ਹੋ ਤਾਂ ਤੁਹਾਨੂੰ ਮੋਟਾਪੇ ਦੀ ਸਮੱਸਿਆ ਨਹੀਂ ਹੋਵੇਗੀ ਕਿਉਂਕਿ ਬ੍ਰੋਕਲੀ ਭਾਰ ਘਟਾਉਣ ‘ਚ ਵੀ ਮਦਦਗਾਰ ਹੈ।
ਐਵੋਕਾਡੋ: ਐਵੋਕਾਡੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਬੱਚੇ ਅਤੇ ਬਾਲਗ ਦੋਵੇਂ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। ਐਵੋਕਾਡੋ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਸੋਜ ਨੂੰ ਘੱਟ ਕਰਦਾ ਹੈ। ਐਵੋਕਾਡੋ ਦੇ ਲਗਾਤਾਰ ਸੇਵਨ ਨਾਲ ਕੈਂਸਰ ਦਾ ਖ਼ਤਰਾ ਵੀ ਘੱਟ ਜਾਂਦਾ ਹੈ।
ਲਾਲ ਅਤੇ ਹਰੀ ਮਿਰਚ: ਜੇਕਰ ਤੁਸੀਂ ਰੋਜ਼ਾਨਾ ਆਪਣੇ ਭੋਜਨ ‘ਚ ਤਿੱਖੀ ਮਿਰਚ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਸੋਜ ਨੂੰ ਘੱਟ ਕਰਨ ‘ਚ ਮਦਦ ਕਰ ਸਕਦਾ ਹੈ। ਮਿਰਚ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।
ਪਿਆਜ: ਪਿਆਜ਼ ‘ਚ ਕਈ ਗੁਣ ਹੁੰਦੇ ਹਨ। ਪਿਆਜ਼ ਨਾ ਸਿਰਫ ਖ਼ੰਘ, ਕੈਂਸਰ, ਸ਼ੂਗਰ ਅਤੇ ਹੱਡੀਆਂ ਲਈ ਫਾਇਦੇਮੰਦ ਹੈ ਸਗੋਂ ਇਹ ਸਰੀਰ ‘ਚ ਸੋਜ ਨੂੰ ਵੀ ਰੋਕਦਾ ਹੈ। ਪਿਆਜ਼ ‘ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸੋਜ ਨੂੰ ਘੱਟ ਕਰਦੇ ਹਨ। ਪਿਆਜ਼ ਨੂੰ ਕੱਚਾ, ਸਲਾਦ ਜਾਂ ਸਬਜ਼ੀ ਦੇ ਰੂਪ ‘ਚ ਖਾਧਾ ਜਾ ਸਕਦਾ ਹੈ।