ਭਾਜਪਾ ਆਗੂ ਸੋਨਾਲੀ ਫੋਗਾਟ ਮੌਤ ਮਾਮਲੇ ਵਿਚ ਰੋਜ਼ ਹੈਰਾਨ ਕਰ ਦੇਣ ਵਾਲੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਘਟਨਾ ਦੇ 10 ਦਿਨ ਬਾਅਦ ਪਰਿਵਾਰ ਵਾਲਿਆਂ ਨੇ ਇਕ ਵਾਰ ਫਿਰ ਵੱਡੀ ਸ਼ੰਕਾ ਜਤਾਈ ਹੈ। ਸੋਨਾਲੀ ਦੇ ਭਰਾ ਰਿੰਕੂ ਨੇ ਖੁੱਲ੍ਹ ਕੇ ਸਿਆਸੀ ਸਾਜ਼ਿਸ਼ ਵਲ ਇਸ਼ਾਰਾ ਕੀਤਾ ਹੈ ਤਾਂ ਵਕੀਲ ਨੇ ਵੀ ਸੁਪਰੀਮ ਕੋਰਟ ਦੇ ਮੁੱਖ ਜਸਟਿਸ ਯੂਯੂ ਲਲਿਤ ਨੂੰ ਚਿੱਠੀ ਲਿਖੀ ਹੈ ਤੇ ਇਸ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਹਰਿਆਣਾ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਵੀ ਕਿਹਾ ਗਿਆ ਸੀ ਕਿ ਉੁਨ੍ਹਾਂ ਨੇ ਗੋਆ ਸਰਕਾਰ ਨੂੰ ਪੱਤਰ ਲਿਖਿਆ ਹੈ ਤੇ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਹੈ। ਵਿਜ ਨੇ ਕਿਹਾ ਸੀ ਕਿ ਪਰਿਵਾਰ ਨੇ ਸੀਐੱਮ ਨਾਲ ਮੁਲਾਕਾਤ ਕੀਤੀ ਹੈ ਤੇ ਸੀਬੀਆਈ ਜਾਂਚ ਦੀ ਮੰਗ ਰੱਖੀ ਹੈ।
ਵਕੀਲ ਨੇ ਕਿਹਾ ਕਿ ਸੋਨਾਲੀ ਫੋਗਾਟ ਦੀ 23 ਅਗਸਤ ਨੂੰ ਸ਼ੱਕੀ ਹਾਲਾਤਾਂ ਵਿਚ ਗੋਆ ਵਿਚ ਮੌਤ ਹੋ ਗਈ ਸੀ। ਘਟਨਾ ਵਿਚ ਸੋਨਾਲੀ ਦੇ ਨਿੱਜੀ ਸਹਾਇਕ ਸਣੇ ਦੋ ਲੋਕਾਂ ਨੂੰ ਗੋਆ ਪੁਲਿਸ ਨੇ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਇਸ ਪਟੀਸ਼ਨ ਜ਼ਰੀਏ ਕੋਰਟ ਤੋਂ ਪ੍ਰਾਰਥਨਾ ਕਰਦੇ ਹਨ ਕਿ ਉਹ ਗੋਆ ਸਰਕਾਰ ਨੂੰ ਪੁਲਿਸ ਨਾਲ ਮਾਮਲੇ ਦੀ ਜਾਂਚ ਸੀਬੀਆਈ ਨੂੰ ਟਰਾਂਸਫਰ ਕਰਨ ਦਾ ਨਿਰਦੇਸ਼ ਦੇਵੇ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਸੋਨਾਲੀ ਫੋਗਾਟ ਦੀ ਹੱਤਿਆ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਜਾਂ ਨਹੀਂ।
ਵਕੀਲ ਨੇ ਚਿੱਠੀ ਵਿਚ ਲਿਖਿਆ ਕਿ ਇਸ ਹੱਤਿਆ ਦੀ ਜਾਂਚ ਸਿਰਫ ਗੋਆ ਪੁਲਿਸ ਤੱਕ ਹੀ ਸੀਮਤ ਨਹੀਂ ਹੈ ਕਿਉਂਕਿ ਇਹ ਵੱਡੀ ਸਾਜ਼ਿਸ਼ ਹੋ ਸਕਦੀ ਹੈ ਤੇ ਹੋਰਨਾਂ ਸੂਬਿਆਂ ਵਿਚ ਇਸ ਦੀ ਜਾਂਚ ਦੀ ਲੋੜ ਹੈ। ਇਸ ਮਾਮਲੇ ਨੂੰ ਕਿਸੇ ਅਜਿਹੀ ਏਜੰਸੀ ਨੂੰ ਸੌਂਪਣਾ ਚਾਹੀਦਾ ਹੈ ਜੋ ਬਿਨਾਂ ਕਿਸੇ ਰੁਕਾਵਟ ਜਾਂ ਕਾਨੂੰਨੀ ਜਟਿਲਤਾਵਾਂ ਦੇ ਜਾਂਚ ਕਰ ਸਕੇ। ਇਸ ਲਈ ਸੀਬੀਆਈ ਸਭ ਤੋਂ ਸਹੀ ਏਜੰਸੀ ਹੈ। ਸੀਬੀਆਈ ਨੂੰ ਦੇਸ਼ ਦੇ ਕਿਸੇ ਸੂਬੇ ਵਿਚ ਬਿਨਾਂ ਕਿਸੇ ਰੁਕਾਵਟ ਦੇ ਕੇਸ ਦੀ ਜਾਂਚ ਕਰਨ ਦੀ ਪੂਰੀ ਛੋਟ ਹੈ।
ਇਹ ਵੀ ਪੜ੍ਹੋ : ਹੁਣ ਕੈਨੇਡਾ ਜਾਣਾ ਹੋਇਆ ਮਹਿੰਗਾ, ਪੰਜਾਬ ਦੇ ਵਿਦਿਆਰਥੀਆਂ ਲਈ ਬਣਿਆ ਵੱਡੀ ਪਰੇਸ਼ਾਨੀ
ਪੱਤਰ ਵਿੱਚ ਕਿਹਾ ਗਿਆ ਹੈ ਕਿ ਸੋਨਾਲੀ ਫੋਗਾਟ ਦੀ ਮੌਤ ਨੂੰ ਪਹਿਲਾਂ ਹਾਰਟ ਅਟੈਕ ਦੱਸਿਆ ਗਿਆ ਸੀ, ਪਰ ਪੋਸਟਮਾਰਟਮ ਰਿਪੋਰਟ ਵਿੱਚ ਪਤਾ ਲੱਗਿਆ ਹੈ ਕਿ ਸਰੀਰ ਵਿੱਚ ਕਈ ਸੱਟਾਂ ਸਨ। ਪੁਲਿਸ ਅਧਿਕਾਰੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਤਲ ਤੋਂ ਪਹਿਲਾਂ ਉਸ ਨੂੰ ਨਸ਼ਾ ਦਿੱਤਾ ਗਿਆ ਸੀ, ਪਰ ਕਈ ਅਹਿਮ ਮੁੱਦੇ ਅਜੇ ਅਸਪਸ਼ਟ ਹਨ। ਗੋਆ ਪੁਲਿਸ ਅਜੇ ਤੱਕ ਸੋਨਾਲੀ ਫੋਗਾਟ ਦੇ ਕਤਲ ਪਿੱਛੇ ਕਾਰਨ ਦਾ ਪਤਾ ਨਹੀਂ ਲਗਾ ਸਕੀ ਹੈ। ਅਤੇ ਉਸਦੇ ਕਤਲ ਵਿੱਚ ਹੋਰ ਕੌਣ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: