ਦਲੇਰ ਮਹਿੰਦੀ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਦਲੇਰ ਮਹਿੰਦੀ ਨੂੰ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਲੇਰ ਮਹਿੰਦੀ ਵੱਲੋਂ ਸਜ਼ਾ ਦੇ ਖਿਲਾਫ ਹਾਈਕੋਰਟ ‘ਚ ਦਾਇਰ ਕੀਤੀ ਗਈ ਅਪੀਲ ਨੂੰ ਹਾਈਕੋਰਟ ਨੇ ਸਵੀਕਾਰ ਕਰ ਲਿਆ ਹੈ। ਦੱਸ ਦੇਈਏ ਕਿ 19 ਸਾਲ ਪੁਰਾਣੇ ਮਨੁੱਖੀ ਤਸਕਰੀ ਮਾਮਲੇ ਵਿੱਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦਿੰਦਿਆਂ 2 ਸਾਲ ਦੀ ਸਜ਼ਾ ਸੁਣਾਈ ਸੀ।
ਦਲੇਰ ਮਹਿੰਦੀ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਕੇ ਦੋ ਸਾਲ ਦੀ ਸਜ਼ਾ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 19 ਸਾਲ ਪੁਰਾਣੇ ਮਨੁੱਖੀ ਤਸਕਰੀ ਮਾਮਲੇ ‘ਚ ਰਾਹਤ ਮਿਲੀ ਹੈ। ਮਹਿੰਦੀ ਪਟਿਆਲਾ ਦੀ ਉਸੇ ਜੇਲ੍ਹ ਵਿੱਚ ਬੰਦ ਹੈ, ਜਿੱਥੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ ਰੱਖਿਆ ਗਿਆ ਹੈ। ਪਰ ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਦਲੇਰ ਮਹਿੰਦੀ ਨੂੰ ਪਟਿਆਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਜਾਰੀ ਰਹੇਗੀ।
ਦਲੇਰ ਮਹਿੰਦੀ ਵੱਲੋਂ ਦਾਇਰ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 15 ਸਤੰਬਰ ਯਾਨੀ ਅੱਜ ਤੈਅ ਕੀਤੀ ਸੀ, ਜਿਸ ਤਹਿਤ ਅੱਜ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਇਹ ਵੀ ਪੜ੍ਹੋ : ਬਠਿੰਡਾ ਦੀ ਇਸ ਧੀ ਨੇ ਪੂਰੇ ਜ਼ਿਲ੍ਹੇ ਦਾ ਵਧਾਇਆ ਮਾਣ, ਬਣੀ ਪਾਇਲਟ, ਮਾਪਿਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ
ਦੱਸ ਦੇਈਏ ਕਿ ਇਹ 19 ਸਾਲ ਪੁਰਾਣਾ ਮਾਮਲਾ ਕਬੂਤਰਬਾਜ਼ੀ ਯਾਨੀ ਮਨੁੱਖੀ ਤਸਕਰੀ ਨਾਲ ਸਬੰਧਤ ਹੈ। ਇਸ ਕੇਸ ਵਿੱਚ ਦਲੇਰ ਮਹਿੰਦੀ ਦੇ ਨਾਲ-ਨਾਲ ਉਨ੍ਹਾਂ ਦਾ ਭਰਾ ਸ਼ਮਸ਼ੇਰ ਸਿੰਘ ਵੀ ਮੁਲਜ਼ਮ ਸੀ। ਪਰ ਸਾਲ 2017 ਵਿੱਚ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸਾਲ 2018 ‘ਚ ਅਦਾਲਤ ਨੇ ਦਲੇਰ ਮਹਿੰਦੀ ਨੂੰ ਇਸ ਮਾਮਲੇ ‘ਚ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਸੀ।
ਇਹ ਸਾਰਾ ਮਾਮਲਾ ਸਾਲ 2003 ਵਿੱਚ ਸ਼ੁਰੂ ਹੋਇਆ ਸੀ। ਜਦੋਂ ਬਖਸ਼ੀ ਸਿੰਘ ਨਾਂ ਦੇ ਵਿਅਕਤੀ ਨੇ ਪਟਿਆਲਾ ਸਦਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਕਿ ਦਲੇਰ ਮਹਿੰਦੀ ਅਤੇ ਉਸ ਦੇ ਭਰਾ ਸ਼ਮਸ਼ੇਰ ਸਿੰਘ ਨੇ ਉਸ ਨੂੰ ਕੈਨੇਡਾ ਭੇਜਣ ਲਈ 13 ਲੱਖ ਰੁਪਏ ਲਏ ਸਨ। ਪਰ ਨਾ ਤਾਂ ਉਸ ਨੂੰ ਕੈਨੇਡਾ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। ਬਖਸ਼ੀ ਸਿੰਘ ਦੇ ਨਾਲ 30 ਹੋਰ ਸ਼ਿਕਾਇਤਕਰਤਾ ਵੀ ਸਨ, ਜਿਨ੍ਹਾਂ ਨੇ ਉਨ੍ਹਾਂ ‘ਤੇ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ ਲਾਏ ਸਨ।
ਵੀਡੀਓ ਲਈ ਕਲਿੱਕ ਕਰੋ -: