ਸਵਿਜ਼ਰਲੈਂਡ ਦੇ ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 41 ਸਾਲ ਦੇ ਫੈਡਰਰ ਨੇ ਟਵਿੱਟਰ ‘ਤੇ ਭਾਵੁਕ ਪੋਸਟ ਸਾਂਝੀ ਕਰ ਕੇ ਇਸ ਦਾ ਐਲਾਨ ਕੀਤਾ ਹੈ। ਫੈਡਰਰ ਅਗਲੇ ਹਫ਼ਤੇ ਲੰਡਨ ਵਿੱਚ ਹੋਣ ਵਾਲੇ ਲੇਵਰ ਕੱਪ ਵਿੱਚ ਆਖਰੀ ਵਾਰ ਖੇਡਦੇ ਹੋਏ ਦਿਖਾਈ ਦੇਣਗੇ। ਫੈਡਰਰ ਪੁਰਸ਼ ਸਿੰਗਲਜ਼ ਵਿੱਚ ਸਭ ਤੋਂ ਜ਼ਿਆਦਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਮਾਮਲੇ ਵਿੱਚ ਤੀਸਰੇ ਨੰਬਰ ‘ਤੇ ਹਨ। ਰਾਫੇਲ ਨਡਾਲ ਨੇ ਸਭ ਤੋਂ ਵੱਧ 22 ਗ੍ਰੈਂਡ ਸਲੈਮ ਜਿੱਤੇ ਹਨ।
ਫੈਡਰਰ ਨੇ ਆਪਣੇ ਇਸ ਕਰੀਅਰ ਲਈ ਪ੍ਰਸ਼ੰਸਕਾਂ ਤੇ ਖਿਡਾਰੀਆਂ ਦਾ ਧਨਵਾਦ ਕੀਤਾ ਹੈ। ਫੈਡਰਰ ਨੇ ਕਿਹਾ ਕਿ 41 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨੂੰ ਛੱਡਣ ਦਾ ਸਮਾਂ ਆ ਗਿਆ ਹੈ। ਫੈਡਰਰ ਨੇ ਦੱਸਿਆ ਕਿ ਮੈਂ 41 ਸਾਲ ਦਾ ਹਾਂ। ਮੈਂ 24 ਸਾਲਾਂ ਵਿੱਚ 1500 ਤੋਂ ਵੱਧ ਮੈਚ ਖੇਡੇ ਹਨ। ਟੈਨਿਸ ਨੇ ਮੇਰੇ ਨਾਲ ਪਹਿਲਾਂ ਤੋਂ ਕਿਤੇ ਜ਼ਿਆਦਾ ਵਧੀਆ ਵਤੀਰਾ ਕੀਤਾ ਹੈ ਅਤੇ ਹੁਣ ਮੈਨੂੰ ਇਹ ਪਹਿਚਾਣ ਕਰਨੀ ਪਵੇਗੀ ਕਿ ਇਹ ਮੇਰੇ ਕਰੀਅਰ ਦਾ ਅੰਤ ਹੈ। ਇਸ ਤੋਂ ਇਲਾਵਾ ਫੈਡਰਰ ਨੇ ਆਪਣੀ ਪਤਨੀ ਦਾ ਧੰਨਵਾਦ ਕੀਤਾ ਹੈ ਜੋ ਹਰ ਸਮੇਂ ਉਸਦੇ ਨਾਲ ਖੜ੍ਹੀ ਰਹੀ। ਉਨ੍ਹਾਂ ਕਿਹਾ ਕਿ ਮੇਰੀ ਪਤਨੀ 20 ਸਾਲ ਤੋਂ ਵੱਧ ਸਮੇਂ ਤੱਕ ਮੇਰੇ ਨਾਲ ਰਹੀ ਹੈ।
ਦੱਸ ਦੇਈਏ ਕਿ ਰੋਜਰ ਫੈਡਰਰ ਨੇ 28 ਜਨਵਰੀ 2018 ਨੂੰ ਆਸਟ੍ਰੇਲੀਅਨ ਓਪਨ ਰਾਹੀਂ ਆਪਣਾ ਆਖਰੀ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ। ਉਸ ਸਮੇਂ ਉਨ੍ਹਾਂ ਨੇ ਖ਼ਿਤਾਬੀ ਮੁਕਾਬਲੇ ਵਿੱਚ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਮਾਤ ਦਿੱਤੀ ਸੀ। ਉਸ ਸਮੇਂ ਉਹ 20 ਗ੍ਰੈਂਡਸਲੈਮ ਜਿੱਤਣ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣ ਗਏ ਸਨ। ਹਾਲਾਂਕਿ ਬਾਅਦ ਵਿੱਚ ਰਾਫੇਲ ਨੇ ਇਸ ਰਿਕਾਰਡ ਨੂੰ ਤੋੜ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: