ਕੇਰਲ ‘ਚ ਆਵਾਰਾ ਕੁੱਤਿਆਂ ਦਾ ਆਤੰਕ ਵਧਦਾ ਜਾ ਰਿਹਾ ਹੈ। ਇਸ ਸਾਲ ਸੂਬੇ ਵਿੱਚ ਰੇਬੀਜ਼ ਨਾਲ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਇਕ ਵਿਅਕਤੀ ਬੱਚਿਆਂ ਦੀ ਸੁਰੱਖਿਆ ਲਈ ਲੋਡਡ ਏਅਰ ਗਨ ਲੈ ਕੇ ਸੜਕ ‘ਤੇ ਘੁੰਮ ਰਿਹਾ ਹੈ।
ਵੀਡੀਓ ‘ਚ ਕੁਝ ਵਿਦਿਆਰਥੀਆਂ ਦੇ ਨਾਲ ਇਕ ਵਿਅਕਤੀ ਹੱਥ ‘ਚ ਏਅਰ ਗਨ ਲੈ ਕੇ ਅੱਗੇ ਵਧਦਾ ਦਿਖਾਈ ਦੇ ਰਿਹਾ ਹੈ। ਉਹ ਉੱਚੀ-ਉੱਚੀ ਕਹਿ ਰਿਹਾ ਹੈ ਕਿ ਜੇ ਕੋਈ ਆਵਾਰਾ ਕੁੱਤਾ ਬੱਚਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਵਿਅਕਤੀ ਦੀ ਪਛਾਣ ਪੱਲੀਕੇਰੇ ਪੰਚਾਇਤ ਦੇ ਬੇਕਲ ਵਾਸੀ ਸਮੀਰ ਟੀ ਵਜੋਂ ਹੋਈ ਹੈ। ਇਸ ਵੀਡੀਓ ਨੂੰ ਸਮੀਰ ਦੇ ਬੇਟੇ ਨੇ ਸ਼ੂਟ ਕੀਤਾ ਹੈ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
ਸਮੀਰ ਟੀ ਨੇ ਦੱਸਿਆ ਕਿ ਉਸ ਦੀ 9 ਸਾਲਾ ਧੀ ਰੀਫਾ ਸੁਲਤਾਨਾ ਨੇ ਆਵਾਰਾ ਕੁੱਤਿਆਂ ਦੇ ਡਰ ਕਰਕੇ ਵੀਰਵਾਰ ਸਵੇਰੇ ਮਦਰੱਸੇ ਜਾਣ ਤੋਂ ਮਨ੍ਹਾ ਕਰ ਰਹੀ ਸੀ। ਮਦਰੱਸਾ ਘਰ ਤੋਂ 60 ਮੀਟਰ ਦੀ ਦੂਰੀ ‘ਤੇ ਹੈ ਅਤੇ ਇਲਾਕੇ ‘ਚ ਆਵਾਰਾ ਕੁੱਤਿਆਂ ਦੀ ਭਰਮਾਰ ਹੈ। ਇਲਾਕੇ ਦੇ ਹੋਰ ਬੱਚਿਆਂ ਨੇ ਵੀ ਕਿਹਾ ਕਿ ਉਹ ਬਾਹਰ ਜਾਣ ਤੋਂ ਡਰਦੇ ਹਨ। ਇਸ ਤੋਂ ਬਾਅਦ ਉਹ ਏਅਰ ਗਨ ਲੈ ਕੇ ਬੱਚਿਆਂ ਨੂੰ ਮਦਰੱਸੇ ‘ਚ ਛੱਡਣ ਚਲਾ ਗਿਆ।
ਸਮੀਰ ਨੇ ਦੱਸਿਆ ਕਿ ਏਅਰ ਗਨ ਚੁੱਕਣ ਲਈ ਕਿਸੇ ਲਾਇਸੈਂਸ ਦੀ ਲੋੜ ਨਹੀਂ ਹੁੰਦੀ ਅਤੇ ਕੁੱਤੇ ਇਸ ਦੀ ਆਵਾਜ਼ ਸੁਣ ਕੇ ਭੱਜ ਜਾਂਦੇ ਹਨ। ਉਨ੍ਹਾਂ ਕਿਹਾ ਮੈਂ ਚਾਹੁੰਦਾ ਹਾਂ ਕਿ ਲੋਕ ਅਤੇ ਅਧਿਕਾਰੀ ਵੀਡੀਓ ਦੇਖ ਕੇ ਸਮੱਸਿਆ ਦੀ ਗੰਭੀਰਤਾ ਦਾ ਅਹਿਸਾਸ ਕਰਨ। ਇਸ ਘਟਨਾ ਤੋਂ ਬਾਅਦ ਮਦਰੱਸੇ ਨੇ ਫੈਸਲਾ ਕੀਤਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਇਕੱਲੇ ਕਲਾਸਾਂ ਲਈ ਨਾ ਭੇਜਣ। ਵੀਡੀਓ ਵਾਇਰਲ ਹੋਣ ਤੋਂ ਬਾਅਦ ਬਕਾਲ ਪੁਲਿਸ ਨੇ ਸਮੀਰ ਖਿਲਾਫ ਧਾਰਾ 153ਏ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਕੁੱਤਿਆਂ ਨੂੰ ਮਾਰ ਕੇ ਹੱਲ ਨਹੀਂ ਕੀਤਾ ਜਾ ਸਕਦਾ। ਇਸ ਸਮੱਸਿਆ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਲਾਗੂ ਕੀਤੇ ਗਏ ਵਿਗਿਆਨਕ ਹੱਲ ਨੂੰ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਇਸ ਸੰਕਟ ਦੇ ਹੱਲ ਲਈ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਇਸ ਲਈ ਯੋਜਨਾਬੱਧ ਹੱਲ ਲਾਗੂ ਕਰ ਰਹੀ ਹੈ। ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੁੱਤਿਆਂ ਨੂੰ ਕੁੱਟਣ, ਜ਼ਹਿਰ ਦੇਣ ਅਤੇ ਸੜਕਾਂ ‘ਤੇ ਬੰਨ੍ਹਣ ਨਾਲ ਇਹ ਸਮੱਸਿਆ ਹੱਲ ਨਹੀਂ ਹੋਵੇਗੀ। ਲੋਕਾਂ ਨੂੰ ਆਪਣੇ ਪਾਲਤੂ ਕੁੱਤੇ ਨੂੰ ਵੀ ਸੜਕ ‘ਤੇ ਨਹੀਂ ਛੱਡਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਸੂਬੇ ਵਿੱਚ ਰੇਬੀਜ਼ ਕਾਰਨ 21 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 15 ਨੂੰ ਐਂਟੀ-ਰੇਬੀਜ਼ ਵੈਕਸੀਨ (ਆਈਡੀਆਰਵੀ) ਅਤੇ ਇਮਯੂਨੋਗਲੋਬੂਲਿਨ (ਈਆਰਆਈਜੀ) ਨਹੀਂ ਲੱਗੀ ਹੈ। ਇੱਕ ਨੂੰ ਅੰਸ਼ਿਕ ਤੌਰ ‘ਤੇ ਟੀਕਾ ਲਗਾਇਆ ਗਿਆ ਸੀ ਅਤੇ ਪੰਜ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : ਪੇਕੇ ਆਈ ਕਿਸਾਨ ਦੀ ਗਰਭਵਤੀ ਧੀ ਨੂੰ ਲੋਨ ਵਸੂਲਣ ਆਏ ਏਜੰਟਾਂ ਨੇ ਟਰੈਕਟਰ ਥੱਲੇ ਕੁਚਲਿਆ, ਹੋਈ ਮੌਤ
ਮਲੱਪੁਰਮ ਦੀ ਪੱਲੀਕਲ ਪੰਚਾਇਤ ਦੀ ਰਹਿਣ ਵਾਲੀ ਕਾਰਥਿਆਯਨੀ ਨਾਂ ਦੀ ਔਰਤ ਆਵਾਰਾ ਕੁੱਤਿਆਂ ਤੋਂ ਡਰ ਕੇ ਘਰ ਛੱਡ ਕੇ ਚਲੀ ਗਈ। ਉਹ ਚੇਰੂਕਾਵੂ ਪੰਚਾਇਤ ਵਿੱਚ ਆਪਣੀ ਭੈਣ ਦੇ ਘਰ ਰਹਿ ਰਹੀ ਹੈ। ਕਾਰਥਿਆਯਨੀ ਨੇ ਕਿਹਾ, “ਮੈਂ ਇੱਕ ਹਫ਼ਤਾ ਪਹਿਲਾਂ ਆਪਣਾ ਘਰ ਛੱਡ ਦਿੱਤਾ ਸੀ ਕਿਉਂਕਿ ਮੈਨੂੰ ਘਰ ਦੇ ਨੇੜੇ ਆਵਾਰਾ ਕੁੱਤਿਆਂ ਦੇ ਹਮਲੇ ਦਾ ਡਰ ਸੀ। ਉਨ੍ਹਾਂ ਨੇ ਕੰਮ ਤੋਂ ਘਰ ਜਾਂਦੇ ਸਮੇਂ ਦੋ ਵਾਰ ਮੇਰਾ ਪਿੱਛਾ ਕੀਤਾ। ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਮੈਨੂੰ ਸੱਟ ਲੱਗ ਗਈ।
ਵੀਡੀਓ ਲਈ ਕਲਿੱਕ ਕਰੋ -: