ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਵਿਚ ਲਗਭਗ 60 ਵਿਦਿਆਰਥੀਆਂ ਦਾ ਵੀਡੀਓ ਬਣਾਉਣ ਤੇ ਉਸ ਨੂੰ ਵਾਇਰਲ ਕਰਨ ਦੇ ਮਾਮਲੇ ਵਿਚ ਜਾਂਚ ਜਾਰੀ ਹੈ। ਦੋਸ਼ੀ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਵਿਦਿਆਰਥੀ ਤੋਂ ਵੀਡੀਓ ਮੰਗਵਾ ਕੇ ਉਸ ਨੂੰ ਵਾਇਰਲ ਕਰਨ ਵਾਲੇ ਸ਼ਿਮਲਾ ਦੇ ਨੌਜਵਾਨ ਦੀ ਭਾਲ ਵਿਚ ਪੁਲਿਸ ਜੁਟ ਗਈ ਹੈ। ਦੂਜੇ ਪਾਸੇ ਹੁਣ ਚੰਡੀਗੜ੍ਹ ਯੂਨੀਵਰਸਿਟੀ ਨੇ ਪੂਰੇ ਮਾਮਲੇ ‘ਤੇ ਸਫਾਈ ਦਿੱਤੀ ਹੈ। ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ ਐੱਸ. ਬਾਵਾ ਨੇ ਕਿਹਾ ਕਿ 60 ਵਿਦਿਆਰਥਣਾਂ ਦੀ ਇਤਰਾਜ਼ਯੋਗ ਵੀਡੀਓ ਬਣਾਉਣ ਦੀ ਗੱਲ ਗਲਤ ਹੈ। ਇਹ ਗੱਲ ਪੂਰੀ ਤਰ੍ਹਾਂ ਨਿਰਾਧਾਰ ਹੈ।
ਡਾ. ਆਰ. ਐੱਸ. ਬਾਵਾ ਨੇ ਕਿਹਾ ਕਿ ਯੂਨੀਵਰਸਿਟੀ ਵਿਚ 7 ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦੀ ਅਫਵਾਹ ਫੈਲ ਰਹੀ ਹੈ। ਇਸ ਵਿਚ ਕੋਈ ਸੱਚਾਈ ਨਹੀਂ ਹੈ ਤੇ ਕਿਸੇ ਵਿਦਿਆਰਥਣ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਘਟਨਾ ਕਾਰਨ ਕਿਸੇ ਵਿਦਿਆਰਥਣ ਨੂੰ ਹਸਪਤਾਲ ਵਿਚ ਭਰਤੀ ਨਹੀਂ ਕਰਾਇਆ ਗਿਆ ਹੈ।
ਡਾ. ਬਾਵਾ ਨੇ ਕਿਹਾ ਕਿ ਸਿਰਫ ਇਕ ਲੜਕੀ ਦਾ ਹੀ ਵੀਡੀਓ ਮਿਲਿਆ ਹੈ ਜੋ ਉਸ ਨੇ ਖੁਦ ਬਣਾਇਆ ਸੀ ਅਤੇ ਆਪਣੇ ਬੁਆਏਫ੍ਰੈਂਡ ਨੂੰ ਭੇਜਿਆ ਸੀ। ਪੁਲਿਸ ਨੇ ਵਿਦਿਆਰਥਣ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਾਰੇ ਮੋਬਾਈਲ ਫੋਨ ਤੇ ਹੋਰ ਸਮੱਗਰੀ ਪੁਲਿਸ ਨੂੰ ਸੌਂਪ ਦਿੱਤੀਗਈ ਹੈ। ਚੰਡੀਗੜ੍ਹ ਯੂਨੀਵਰਸਿਟੀ ਇਸ ਮਾਮਲੇ ਵਿਚ ਪੁਲਿਸ ਦਾ ਪੂਰਾ ਸਹਿਯੋਗ ਕਰ ਰਹੀ ਹੈ।
ਡਾ: ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਸੁਰੱਖਿਆ ਅਤੇ ਬਿਹਤਰ ਵਾਤਾਵਰਣ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਅਤੇ ਵਚਨਬੱਧ ਹੈ। ਅਸੀਂ ਵਿਦਿਆਰਥਣਾਂ ਨੂੰ ਧੀਆਂ ਵਾਂਗ ਸੰਭਾਲਦੇ ਹਾਂ ਅਤੇ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -: