ਪੰਜਾਬ ਵਿੱਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਣੋ ਨਹੀਂ ਰੁਕ ਰਹੀਆਂ। ਸਾਰੀ ਦੁਨੀਆ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਰਜ਼ੇ ਦੇ ਬੋਝ ਥੱਲੇ ਦੱਬਿਆ ਪਿਆ ਹੈ ਅਤੇ ਉਸ ਨੂੰ ਜਦੋਂ ਕੁਝ ਨਹੀਂ ਦਿੱਸਦਾ ਤਾਂ ਉਹ ਆਪਣੀ ਜ਼ਿੰਦਗੀ ਹੀ ਖ਼ਤਮ ਕਰ ਲੈਂਦਾ ਹੈ। ਅਜਿਹਾ ਮਾਮਲਾ ਸਾਹਮਣੇ ਆਇਆ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਖਤਗੜ੍ਹ ਤੋਂ, ਜਿਥੇ ਰਹਿਣ ਵਾਲੇ ਕਿਸਾਨ ਸੁਖਜੀਤ ਸਿੰਘ (55) ਨੇ ਕਰਜ਼ੇ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਮੁਤਾਬਕ ਮ੍ਰਿਤਕ ਸੁਖਜੀਤ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ। ਵਿਆਹ ਦੇ ਕਰੀਬ ਡੇਢ ਸਾਲ ਬਾਅਦ ਦੂਜੀ ਪਤਨੀ ਉਸ ਨੂੰ ਛੱਡ ਗਈ। ਇਸ ਵੇਲੇ ਉਹ ਆਪਣੇ 10 ਸਾਲਾਂ ਮੁੰਡੇ ਨਾਲ ਆਪਣੇ ਘਰ ਰਹਿ ਰਿਹਾ ਸੀ। ਕਰਜ਼ੇ ਦੇ ਵਧਦੇ ਬੋਝ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।
ਇਸ ਕਾਰਨ ਉਸ ਨੇ ਆਪਣੇ ਘਰ ਦੇ ਬਾਹਰ ਖਾਲੀ ਪਲਾਟ ਵਿੱਚ ਦਰੱਖਤ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ। ਪੁਲਿਸ ਚੌਕੀ ਪੱਖੋ ਕੈਂਚੀਆਂ ਦੇ ਇੰਚਾਰਜ ਮੱਖਣ ਸ਼ਾਹ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਹਰਵਿੰਦਰ ਕੌਰ ਵਾਸੀ ਸਲਾਬਤਪੁਰਾ ਜ਼ਿਲ੍ਹਾ ਬਠਿੰਡਾ ਦੇ ਬਿਆਨਾਂ ’ਤੇ ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ।
ਬੀਤੇ ਸ਼ੁੱਕਰਵਾਰ ਨੂੰ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ, ਜਿਥੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਵਿੱਚ ਵੀ ਇੱਕ ਕਿਸਾਨ ਨੇ ਕਰਜ਼ੇ ਕਾਰਨ ਆਪਣੇ ਖੇਤ ਵਿੱਚ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦਰਸ਼ਨ ਸਿੰਘ ਦੀ ਪਤਨੀ ਕਿਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਕੁਝ ਸਮੇਂ ਤੋਂ ਖੇਤਾਂ ਅਤੇ ਘਰ ਵਿੱਚ ਬਰਸਾਤੀ ਪਾਣੀ ਭਰ ਜਾਣ ਕਾਰਨ ਕਾਫੀ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ : ਅਲਵਰ ‘ਚ ‘ਨਿਰਭਯਾ’ ਵਰਗੇ ਕਾਂਡ ਦਾ ਸ਼ਿਕਾਰ 15 ਸਾਲਾਂ ਕੁੜੀ ਦੀ ਮਦਦ ਲਈ ਅੱਗੇ ਆਈ ਸ਼੍ਰੋਮਣੀ ਕਮੇਟੀ
ਇਸ ਦੇ ਨਾਲ ਹੀ ਐਸਬੀਆਈ ਕਰਜ਼ੇ ਦੀ ਅਦਾਇਗੀ ਨਾ ਹੋਣ ਕਾਰਨ ਪ੍ਰੇਸ਼ਾਨ ਸੀ। ਇਸ ਤੋਂ ਦੁਖੀ ਹੋ ਕੇ ਵੀਰਵਾਰ ਦੇਰ ਰਾਤ ਉਸ ਨੇ ਆਪਣੇ ਖੇਤ ਨੇੜੇ 15 ਫੁੱਟ ਡੂੰਘੇ ਖੂਹ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਦੋ ਪੁੱਤਰਾਂ ਵਿੱਚੋਂ ਇੱਕ ਡੀ.ਪੀ.ਐਡ ਕਰ ਰਿਹਾ ਹੈ ਅਤੇ ਦੂਜਾ ਗ੍ਰੈਜੂਏਸ਼ਨ ਕਰ ਰਿਹਾ ਹੈ। ਕਿਰਨਜੀਤ ਕੌਰ ਮੁਤਾਬਕ ਉਸਦੇ ਪਤੀ ‘ਤੇ 13 ਲੱਖ ਤੋਂ ਵੱਧ ਦਾ ਬੈਂਕ ਕਰਜ਼ਾ ਹੈ, ਜਿਸ ਨੂੰ ਉਹ ਅਤੇ ਉਸਦੇ ਬੱਚੇ ਨਹੀਂ ਮੋੜ ਸਕਦੇ।
ਵੀਡੀਓ ਲਈ ਕਲਿੱਕ ਕਰੋ -: