ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਖਿਲਾਫ਼ ਖੇਡੇ ਗਏ ਆਖਰੀ ਟੀ-20 ਮੈਚ ਵਿੱਚ ਭਾਰਤੀ ਟੀਮ ਨੂੰ 49 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਦੱਖਣੀ ਅਫਰੀਕਾ ਨੇ ਇੰਦੌਰ ਵਿੱਚ ਖੇਡੇ ਗਏ ਸੀਰੀਜ਼ ਦੇ ਆਖਰੀ ਅਤੇ ਤੀਜੇ ਟੀ-20 ਮੈਚ ਵਿੱਚ ਭਾਰਤ ਨੂੰ ਮਾਤ ਦਿੱਤੀ । ਹਾਲਾਂਕਿ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਟੀਮ ਇੰਡੀਆ ਨੇ ਇਹ ਸੀਰੀਜ਼ 2-1 ਨਾਲ ਜਿੱਤੀ ਹੈ ਅਤੇ ਪਹਿਲੀ ਵਾਰ ਦੱਖਣੀ ਅਫਰੀਕਾ ਨੂੰ ਘਰੇਲੂ ਮੈਦਾਨ ‘ਤੇ ਖੇਡੀ ਗਈ ਟੀ-20 ਸੀਰੀਜ਼ ਵਿੱਚ ਹਰਾਇਆ ਹੈ।
228 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੇ ਮੈਚ ਦੀ ਸ਼ੁਰੂਆਤ ਵਿੱਚ ਹੀ ਗੋਡੇ ਟੇਕ ਦਿੱਤੇ ਅਤੇ ਬੱਲੇਬਾਜ਼ ਪੂਰੀ ਤਰ੍ਹਾਂ ਫਲਾਪ ਨਜ਼ਰ ਆਏ । ਕਪਤਾਨ ਰੋਹਿਤ ਸ਼ਰਮਾ ਖਾਤਾ ਵੀ ਨਹੀਂ ਖੋਲ੍ਹ ਸਕੇ, ਉਨ੍ਹਾਂ ਤੋਂ ਬਾਅਦ ਰਿਸ਼ਭ ਪੰਤ, ਸ਼੍ਰੇਅਸ ਅਈਅਰ ਵੀ ਸਸਤੇ ਵਿੱਚ ਹੀ ਪਰਤ ਗਏ। ਦਿਨੇਸ਼ ਕਾਰਤਿਕ ਨੇ ਸਿਖਰਲੇ ਕ੍ਰਮ ਵਿੱਚ ਆ ਕੇ 46 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਪਰ ਉਹ ਇਕੱਲੇ ਕੁਝ ਨਹੀਂ ਕਰ ਸਕੇ।
ਟੀਮ ਇੰਡੀਆ ਨੂੰ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਇੱਥੇ ਭਾਰੀ ਪੈ ਗਿਆ । ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਇੱਕ ਵਾਰ ਫਿਰ ਅਸਫਲ ਰਹੇ ਅਤੇ ਸਿਰਫ 3 ਦੌੜਾਂ ਹੀ ਬਣਾ ਸਕੇ । ਪਰ ਕਵਿੰਟਨ ਡੀ ਕਾਕ ਅਤੇ ਰਿਲੇ ਰੋਸੋ ਇੱਕ ਵੱਖਰੇ ਇਰਾਦੇ ਨਾਲ ਆਏ ਸਨ, ਉਹ ਟੀਮ ਇੰਡੀਆ ‘ਤੇ ਪੂਰੀ ਤਰ੍ਹਾਂ ਟੁੱਟ ਪਏ । ਕਵਿੰਟਨ ਡੀ ਕਾਕ ਨੇ ਇਸ ਮੈਚ ਵਿੱਚ 43 ਗੇਂਦਾਂ ਵਿੱਚ 68 ਦੌੜਾਂ ਬਣਾਈਆਂ, ਜਿਸ ਵਿੱਚ 6 ਚੌਕੇ ਅਤੇ 4 ਛੱਕੇ ਲੱਗੇ । ਪਰ ਅਫਰੀਕੀ ਟੀਮ ਲਈ ਕਮਾਲ ਰਿਲੇ ਰੋਸੋ ਨੇ ਕੀਤਾ, ਜਿਸ ਨੇ 48 ਗੇਂਦਾਂ ਵਿੱਚ 100 ਦੌੜਾਂ ਬਣਾਈਆਂ। ਆਖਰੀ ਓਵਰ ਵਿੱਚ ਡੇਵਿਡ ਮਿਲਰ ਨੇ ਸਿਰਫ 5 ਗੇਂਦਾਂ ਵਿੱਚ 19 ਦੌੜਾਂ ਬਣਾ ਕੇ ਸਕੋਰ ਨੂੰ 227 ਤੱਕ ਪਹੁੰਚਾਇਆ।
ਦੱਸ ਦੇਈਏ ਕਿ ਟੀਮ ਇੰਡੀਆ ਨੇ ਬੇਸ਼ੱਕ ਇੰਦੌਰ ਟੀ-20 ਮੈਚ ਗਵਾ ਦਿੱਤਾ ਹੋਵੇ, ਪਰ ਸੀਰੀਜ਼ ‘ਤੇ 2-1 ਨਾਲ ਕਬਜ਼ਾ ਕਰ ਲਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਟੀਮ ਇੰਡੀਆ ਨੇ ਦੱਖਣੀ ਅਫ਼ਰੀਕਾ ਨੂੰ ਆਪਣੇ ਘਰ ਵਿੱਚ ਕਿਸੇ ਟੀ-20 ਸੀਰੀਜ਼ ਵਿੱਚ ਹਰਾਇਆ ਹੋਵੇ।
ਵੀਡੀਓ ਲਈ ਕਲਿੱਕ ਕਰੋ -: