ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਪਹੁੰਚ ਗਿਆ ਹੈ। ਉਥੇ ਪਹੁੰਚ ਕੇ ਰਾਮ ਰਹੀਮ ਨੇ 2 ਮਿੰਟ 10 ਸੈਕੰਡ ਲਈ ਲਾਈਵ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਕਿ ਮੈਂ ਬਰਨਾਵਾ ਪਹੁੰਚ ਚੁੱਕਾ ਹਾਂ। ਤੁਸੀਂ ਲੋਕ ਪਹਿਲਾਂ ਦੀ ਤਰ੍ਹਾਂ ਹੀ ਹੁਕਮ ਮੰਨਦੇ ਰਹਿਣਾ।
ਮਨਮਰਜ਼ੀ ਨਹੀਂ ਕਰਨੀ ਹੈ। ਸਾਨੂੰ ਤੁਹਾਡੇ ‘ਤੇ ਮਾਣ ਹੈ। ਪ੍ਰਮਾਤਮਾ ਤੁਹਾਨੂੰ ਖੁਸ਼ੀਆ ਦੇਵੇ। ਜ਼ਿੰਮੇਵਾਰਾਂ ਦੀ ਗੱਲ ਮੰਨਣੀ ਹੈ। ਸੰਤਾਂ ਲਈ ਭਗਵਾਨ ਦੀ ਔਲਾਦ ਸਾਡੀ ਔਲਾਦ ਹੈ। ਸਾਰਿਆਂ ਨੂੰ ਅੰਦਰ, ਬਾਹਰ ਤੋਂ ਮਾਲਾਮਾਲ ਕਰੋ।
ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲੀ ਹੈ ਜਿਸ ਦੇ ਬਾਅਦ ਅੱਜ ਸਵੇਰੇ ਉਹ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ। ਉਸ ਨੂੰ ਲੈਣ ਲਈ ਹਨੀਪ੍ਰੀਤ ਤੇ ਡੇਰਾ ਮੁਖੀ ਦਾ ਅੰਗ ਰੱਖਿਅਕ ਪ੍ਰੀਤਮ ਸਿੰਘ ਪਹੁੰਚੇ ਸਨ। ਹਨੀਪ੍ਰੀਤ ਨਾਲ ਰਾਮ ਰਹੀਮ ਦੋ ਗੱਡੀਆਂ ਵਿਚ ਸਵਾਰ ਹੋ ਕੇ ਯੂਪੀ ਦੇ ਬਾਗਪਤ ਪਹੁੰਚੇ। ਉਹ ਲਗਭਗ 9 ਵਜੇ ਆਸ਼ਰਮ ਪਹੁੰਚੇ।
ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਠੀਕ ਆਦਮਪੁਰ ਉਪ ਚੋਣ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਪੈਰੋਲ ਦੇ ਦਿੱਤੀ। ਰਾਮ ਰਹੀਮ ਨੂੰ ਇਕ ਸਾਲ ਵਿਚ 90 ਦਿਨ ਦੀ ਛੁੱਟੀ ਮਿਲ ਸਕਦੀ ਹੈ। ਹੁਣ ਤੱਕ ਉਹ 50 ਦਿਨਾਂ ਦੀ ਪੈਰੋਲ ਲੈ ਚੁੱਕਾ ਹੈ। ਹੁਣ ਸਿਰਫ 40 ਦਿਨ ਦੀ ਪੈਰੋਲ ਬਾਕੀ ਸੀ, ਜੋ ਕਿ ਹੁਣ ਉਸ ਦੀ ਪੂਰੀ ਹੋ ਜਾਵੇਗੀ।
ਡੇਰਾ ਮੁਖੀ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ 2017 ਤੋਂ ਸਜ਼ਾ ਕੱਟ ਰਿਹਾ ਹੈ। ਉਸ ਨੂੰ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਇਸ ਸਾਲ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ। ਇਸ ਤੋਂ ਬਾਅਦ 17 ਜੂਨ ਨੂੰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਅਤੇ ਉਹ ਯੂਪੀ ਦੇ ਬਾਗਪਤ ਆਸ਼ਰਮ ‘ਚ ਰਿਹਾ। ਫਿਰ ਉਹ ਉਥੇ ਸਤਿਸੰਗ ਕਰਨ ਲੱਗਾ। ਰਾਮ ਰਹੀਮ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਆਪਣੇ ਪ੍ਰੇਮੀਆਂ ਨੂੰ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: