ਹਾਲ ਹੀ ਵਿੱਚ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਨਾਮ ਆਉਣ ਅਤੇ ਫਿਰ ਕਲੀਨ ਚਿੱਟ ਮਿਲਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਲੱਖਾ ਸਿਧਾਣਾ ਵੱਲੋਂ ਪੰਜਾਬ ਵਿੱਚ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਤਰਨਤਾਰਨ ਵਿੱਚ ਵੱਡਾ ਇਕੱਠ ਹੋਇਆ, ਫਿਰ ਮਹਿਰਾਜ ਵਿੱਚ ਵੱਡੀ ਕਾਨਫਰੰਸ ਹੋਈ।
ਇਸ ਸਭ ਤੋਂ ਬਾਅਦ ਹੁਣ ਲੱਖਾ ਸਿਧਾਣਾ ਜਲੰਧਰ ‘ਚ ਦਸਤਕ ਦੇਣ ਜਾ ਰਿਹਾ ਹੈ। ਜਲੰਧਰ ‘ਚ ਗੁਰੂ ਰਵਿਦਾਸ ਟਾਈਗਰ ਫੋਰਸ ਅਤੇ ਡਾ: ਭੀਮ ਰਾਓ ਅੰਬੇਡਕਰ ਸੁਸਾਇਟੀ ਦੇ ਸਹਿਯੋਗ ਨਾਲ ਬੂਟਾ ਮੰਡੀ ਵਿਖੇ ਰੈਲੀ ਕੀਤੀ ਜਾ ਰਹੀ ਹੈ। ਗੈਂਗਸਟਰ ਤੋਂ ਮੁੱਖ ਧਾਰਾ ਵਿੱਚ ਪਰਤ ਕੇ ਨੌਜਵਾਨ ਆਗੂ ਬਣੇ ਲੱਖਾ ਸਿਧਾਣਾ ਨੇ ਆਪਣੀ ਵੀਡੀਓ ਜਾਰੀ ਕਰਕੇ ਇਸ ਰੈਲੀ ਕਮ ਕਾਨਫਰੰਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਕੀਹਾ ਕਿ ਜਲੰਧਰ ਦੀ ਬੂਟਾ ਮੰਡੀ ‘ਚ ਸਮਾਜਿਕ ਸਮੱਸਿਆਵਾਂ ‘ਤੇ ਚਰਚਾ ਕਰਨ ਲਈ ਵੱਡਾ ਇਕੱਠ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਹੈ ਕਿ ਇਸ ਕਾਨਫਰੰਸ ਵਿੱਚ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਮੁਖੀ ਜੱਸੀ ਤੱਲ੍ਹਣ ਅਤੇ ਡਾ: ਭੀਮ ਰਾਓ ਅੰਬੇਡਕਰ ਸੁਸਾਇਟੀ ਕੱਕੜ ਕਲਾਂ ਦੇ ਮੁਖੀ ਜਗਤਾਰ ਸਿੰਘ ਕੱਕੜ ਕਲਾਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ। ਉਨ੍ਹਾਂ ਇੱਕ ਵੀਡੀਓ ਸੰਦੇਸ਼ ਰਾਹੀਂ ਨੌਜਵਾਨਾਂ ਅਤੇ ਸਮੂਹ ਵਰਗਾਂ ਨੂੰ ਦੁਪਹਿਰ 2 ਵਜੇ ਬੂਟਾ ਮੰਡੀ ਵਿਖੇ ਪੁੱਜਣ ਅਤੇ ਉੱਥੇ ਭਾਰੀ ਇਕੱਠ ਵਿੱਚ ਸ਼ਮੂਲੀਅਤ ਕਰਕੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਪੀਲ ਕੀਤੀ ਹੈ।