ਟੀਮ ਇੰਡੀਆ ਏਸ਼ੀਆ ਕੱਪ ਖੇਡਣ ਪਾਕਿਸਤਾਨ ਨਹੀਂ ਜਾਵੇਗੀ। ਇਸ ਦੀ ਪੁਸ਼ਟੀ ਏਸ਼ੀਆ ਕ੍ਰਿਕਟ ਕੌਂਸਲ ਦੇ ਪ੍ਰੈਜ਼ੀਡੈਂਟ ਜੈ ਸ਼ਾਹ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ 2023 ਏਸ਼ੀਆ ਕੱਪ ਨਿਊਟ੍ਰਲ ਵੈਨਿਊ ਵਿਚ ਖੇਡਿਆ ਜਾਵੇਗਾ। ਮਤਲਬ ਸਾਫ ਹੈ ਕਿ ਹੁਣ ਪਾਕਿਸਤਾਨ ਏਸ਼ੀਆ ਕੱਪ ਦਾ ਮੇਜ਼ਬਾਨ ਨਹੀਂ ਹੋਵੇਗਾ। ਇਹ ਭਾਰਤ-ਪਾਕਿਸਤਾਨ ਤੋਂ ਹਟ ਕੇ ਕਿਸੇ ਤੀਜੇ ਦੇਸ਼ ਵਿਚ ਖੇਡਿਆ ਜਾਵੇਗਾ।
ਭਾਰਤ ਨੇ ਆਖਰੀ ਵਾਰ 2008 ਵਿਚ ਪਾਕਿਸਤਾਨ ਵਿਚ ਮੁਕਾਬਲਾ ਖੇਡਿਆ ਸੀ। ਇਸ ਦੇ ਬਾਅਦ 2008 ਵਿਚ ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਦੇ ਬਾਅਦ ਭਾਰਤੀ ਟੀਮ ਪਾਕਿਸਤਾਨ ਨਹੀਂ ਗਈ ਹੈ। ਉਦੋਂ ਤੋਂ ਦੋਵੇਂ ਟੀਮਾਂ ਨਿਊਟ੍ਰਲ ਵੈਨਿਊ ‘ਤੇ ਖੇਡਦੀਆਂ ਆਈਆਂ ਹਨ, ਉਹ ਵੀ ICC ਤੇ ACC ਦੇ ਈਵੈਂਟ ਵਿਚ। ਦੋਵਾਂ ਵਿਚ ਦੋ-ਪੱਖੀ ਸੀਰੀਜ 2023-23 ਵਿਚ ਖੇਡੀ ਗਈ ਸੀ। ਦੀਵਾਲੀ ਤੋਂ ਇਕ ਦਿਨ ਪਹਿਲਾਂ ਯਾਨੀ 23 ਅਕਤੂਬਰ ਨੂੰ ਭਾਰਤ-ਪਾਕਿਸਤਾਨ ਦੀਆਂ ਟੀਮਾਂ ਟੀ-20 ਵਰਲਡ ਕੱਪ ਵਿਚ ਆਹਮੋ-ਸਾਹਮਣੇ ਹੋਣਗੀਆਂ।
ਏਸ਼ੀਆ ਕ੍ਰਿਕਟ ਕੌਂਸਲ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਏਸ਼ੀਆ ਕੱਪ 2023 ਨਿਊਟ੍ਰਲ ਵੈਨਿਊ ‘ਤੇ ਖੇਡਿਆ ਜਾਵੇਗਾ। ਸਰਕਾਰ ਸਾਡੀ ਟੀਮ ਦੇ ਪਾਕਿਸਤਾਨ ਜਾਣ ਦੀ ਇਜਾਜ਼ਤ ‘ਤੇ ਫੈਸਲਾ ਕਰਦੀ ਹੈ ਜਾਂ ਨਹੀਂ, ਇਸ ‘ਤੇ ਅਸੀਂ ਕੋਈ ਟਿੱਪਣੀ ਨਹੀਂ ਕਰਾਂਗੇ। 2023 ਏਸ਼ੀਆ ਕੱਪ ਲਈ ਇਹ ਤੈਅ ਕੀਤਾ ਗਿਆ ਹੈ ਕਿ ਟੂਰਨਾਮੈਂਟ ਇਕ ਨਿਊਟ੍ਰਲ ਵੈਨਿਊ ‘ਤੇ ਆਯੋਜਿਤ ਕੀਤਾ ਜਾਵੇਗਾ।
2023 ਵਿਚ ਹੋਣ ਵਾਲਾ ਅਗਲਾ ਏਸ਼ੀਆ ਕੱਪ ਵਨਡੇ ਫਾਰਮੈਟ ਵਿਚ ਖੇਡਿਆ ਜਾਵੇਗਾ। ਏਸ਼ੀਆ ਕੱਪ 2022 ਵਿਚ ਦੋ ਮੈਚਾਂ ਵਿਚ ਵੀ ਇਹ ਦੋਵੇਂ ਟੀਮਾਂ ਖੇਡੀਆਂ ਹਨ। 1 ਮੈਚ ਭਾਰਤ ਤੇ 1 ਮੈਚ ਪਾਕਿਸਤਾਨ ਜਿੱਤਿਆ ਸੀ। ਆਈਸੀਸੀ ਵੱਲੋਂ ਹੁਣੇ ਜਿਹੇ ਜਾਰੀ ਫਿਊਚਰ ਟੂਰ ਪ੍ਰੋਗਰਾਮ ਵਿਚ ਪਾਕਿਸਤਾਨ ਨੂੰ ਅਗਲੇ 3 ਸਾਲ ਵਿਚ ਆਈਸੀਸੀ ਦੇ ਦੋ ਵਡੇ ਈਵੈਂਟ ਦੀ ਮੇਜ਼ਬਾਨੀ ਮਿਲੀ ਸੀ। ਇਕ ਏਸ਼ੀਆ ਕੱਪ, ਜੋ ਅਗਲੇ ਸਾਲ 50 ਓਵਰ ਦੇ ਫਾਰਮੈਟ ‘ਚ ਖੇਡਿਆ ਜਾਣਾ ਹੈ ਤੇ 2025 ਦੀ ਚੈਂਪੀਅਨਸ ਟਰਾਫੀ ਵੀ ਪਾਕਿਸਤਾਨ ਵਿਚ ਹੋਣੀ ਹੈ।
ਪਾਕਿਸਤਾਨ ਵਿਚ ਲਗਭਗ ਇਕ ਦਹਾਕੇ ਬਾਅਦ ਇੰਟਰਨੈਸ਼ਨਲ ਕ੍ਰਿਕਟ ਦੀ ਵਾਪਸੀ ਹੋਈ ਹੈ। ਇਸ ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਨੂੰ ਦੋ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਮਿਲੀ ਸੀ ਪਰ ਬੀਸੀਸੀਆਈ ਵੱਲੋਂ ਏਸ਼ੀਆ ਕੱਪ ਦਾ ਆਯੋਜਨ ਨਿਊਟ੍ਰਲ ਵੈਨਿਊ ‘ਤੇ ਕਰਾਉਣ ਦਾ ਬਿਆਨ ਸਾਹਮਣੇ ਆਉਣ ਦੇ ਬਾਅਦ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਅੱਗੇ ਪਾਕਿਸਤਾਨ ਦਾ ਰੁਖ਼ ਕੀ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: