ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦਾ ਡਿੱਗਣਾ ਜਾਰੀ ਹੈ। ਹਾਲਾਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹੁਣੇ ਜਿਹੇ ਬਿਆਨ ਦਿੱਤਾ ਸੀ ਕਿ ਰੁਪਿਆ ਨਹੀਂ ਡਿੱਗ ਰਿਹਾ, ਸਗੋਂ ਡਾਲਰ ਮਜ਼ਬੂਤ ਹੋ ਰਿਹਾ ਹੈ। ਡਾਲਰ ਦੇ ਮੁਕਾਬਲੇ 61 ਪੈਸੇ ਟੁੱਟ ਕੇ ਇਹ 83.01 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ ਜੋ ਇਸ ਦਾ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਇਹ ਪਹਿਲੀ ਵਾਰ ਹੈ ਜਦੋਂ ਰੁਪਿਆ 83 ਦੇ ਪਾਰ ਪਹੁੰਚਿਆ ਹੈ।
ਰੁਪਏ ‘ਚ ਇਹ ਗਿਰਾਵਟ ਅਮਰੀਕੀ ਬਾਂਡ ਰੇਟ ‘ਚ ਵਾਧੇ ਤੋਂ ਬਾਅਦ ਦੇਖਣ ਨੂੰ ਮਿਲੀ ਹੈ। ਡਾਲਰ ਦੀ ਮਜ਼ਬੂਤੀ ਨੇ ਰੁਪਏ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ। ਭਾਰਤ ਸਰਕਾਰ ਦੇ 10 ਸਾਲਾਂ ਦੇ ਬਾਂਡ ‘ਤੇ ਯੀਲਡ ਵਧ ਕੇ 7.4510 ਫੀਸਦੀ ਹੋ ਗਈ ਹੈ। ਮਾਹਿਰਾਂ ਮੁਤਾਬਕ 82.40 ਰੁਪਏ ‘ਤੇ ਆਰਬੀਆਈ ਨੇ ਦਖਲ ਦੇ ਕੇ ਰੁਪਏ ਨੂੰ ਡਿੱਗਣ ਤੋਂ ਸੰਭਾਲਣ ਦੀ ਕੋਸ਼ਿਸ਼ ਕੀਤੀ ਸੀ। ਪਰ ਮੰਨਿਆ ਜਾ ਰਿਹਾ ਹੈ ਕਿ ਜੇ ਆਰਬੀਆਈ (RBI) ਦਖਲ ਨਹੀਂ ਦਿੰਦਾ ਤਾਂ ਰੁਪਏ ‘ਚ ਗਿਰਾਵਟ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ।
ਮੰਗਲਵਾਰ ਨੂੰ ਵੀ ਰੁਪਏ ਵਿਚ ਗਿਰਾਵਟ ਦਾ ਰੁਖ਼ ਦੇਖਿਆ ਗਿਆ ਸੀ। ਡਾਲਰ ਦੇ ਮੁਕਾਬਲੇ ਇਹ 82.36 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ ਸੀ। ਬੁੱਧਵਾਰ ਨੂੰ ਦੁਪਹਿਰ ਦੇ ਕਾਰੋਬਾਰ ਦੌਰਾਨ ਇਸ ਵਿਚ ਥੋੜ੍ਹੀ ਬੜ੍ਹਤ ਦੇਖੀ ਗਈ ਪਰ ਸ਼ਾਮ ਹੋਣ ਤੱਕ ਇਸ ਵਿਚ ਗਿਰਾਵਟ ਦੇਖੀ ਜਾਣ ਲੱਗੀ ਤੇ ਇਹ ਡਾਲਰ ਦੇ ਮੁਕਾਬਲੇ 83 ਰੁਪਏ ਦੇ ਪਾਰ ਜਾ ਕੇ ਬੰਦ ਹੋਇਆ।
ਵੀਡੀਓ ਲਈ ਕਲਿੱਕ ਕਰੋ -: