ਗੈਂਗਸਟਰ ਦੀਪਕ ਟੀਨੂੰ ਉਨ੍ਹਾਂ 24 ਦੋਸ਼ੀਆਂ ਵਿਚ ਸ਼ਾਮਲ ਹੈ ਜਿਨ੍ਹਾਂ ਦੇ ਨਾਂ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਮਾਨਸਾ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਵਿਚ ਸ਼ਾਮਲ ਹੈ। ਅੱਜ ਤੁਹਾਨੂੰ ਅਸੀਂ ਗੈਂਗਸਟਰ ਦੀਪਕ ਟੀਨੂੰ ਦੇ ਜੀਵਨ ਬਾਰੇ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ ਕਿ ਕਿਵੇਂ ਉਹ ਅਪਰਾਧ ਦੀ ਦੁਨੀਆ ਵਿਚ ਦਾਖਲ ਹੋਇਆ ਤੇ ਉਸ ਖਿਲਾਫ ਕਿੰਨੇ ਮਾਮਲੇ ਦਰਜ ਹਨ।
ਗੈਂਗਸਟਰ ਦੀਪਕ ਉਰਫ ਉਰਫ ਟੀਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦਾ ਵਾਸੀ ਹੈ। ਉਸ ਦੇ ਪਿਤਾ ਪੇਂਟਰ ਹਨ। ਟੀਨੂੰ ‘ਤੇ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ, ਦਿੱਲੀ ਵਿਚ ਕਤਲ, ਕਤਲ ਦੀ ਕੋਸ਼ਿਸ ਸਣੇ 35 ਤੋਂ ਵਧ ਕੇਸ ਦਰਜ ਹਨ। ਟੀਨੂੰ 11 ਸਾਲ ਪਹਿਲਾਂ ਅਪਰਾਧ ਦੀ ਦੁਨੀਆ ਵਿਚ ਦਾਖਲ ਹੋਇਆ ਸੀ ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਸੀ।
ਟੀਨੂੰ ਨੇ ਭਿਵਾਨੀ ਵਿਚ ਬੰਟੀ ਮਾਸਟਰ ਦਾ ਕਤਲ ਕੀਤਾ ਸੀ। ਪੰਜਾਬ ਵਿਚ ਗੈਂਗਸਟਰ ਲਵੀ ਦਿਓੜਾ ਨੂੰ ਮਾਰਿਆ ਸੀ। ਹਾਲ ਹੀ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਆਉਣ ਅਤੇ ਅਦਾਕਾਰ ਸਲਮਾਨ ਖਾਨ ਦੀ ਰੇਕੀ ਆਉਣ ਤੋਂ ਬਾਅਦ NIA ਨੇ ਭਿਵਾਨੀ ਦੇ ਤੇਲੀਵਾੜਾ ਇਲਾਕੇ ‘ਚ ਟੀਨੂੰ ਦੇ ਘਰ ਵੀ ਛਾਪੇਮਾਰੀ ਕੀਤੀ ਅਤੇ ਪਰਿਵਾਰ ਤੋਂ ਕਈ ਘੰਟੇ ਪੁੱਛਗਿੱਛ ਅਤੇ ਜਾਂਚ ਕੀਤੀ ਗਈ। ਸਾਲ 2013 ਵਿਚ ਤੇਲੀਵਾੜਾ ਨਿਵਾਸੀ ਦੀਪਕ ਉਰਫ ਟੀਨੂੰ ਹਰਿਆਣਾ ਖਿਲਾਫ ਥਾਣਾ ਸਿਟੀ ਵਿਚ ਲੜਾਈ-ਝਗੜਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਦਰਜ ਹੋਇਆ ਸੀ। ਇਸ ਤੋਂ ਬਾਅਦ ਉਹ ਬਦਨਾਮ ਗੈਂਗਸਟਰ ਬਣ ਗਿਆ।
ਨਵੰਬਰ 2017 ਵਿੱਚ ਟੀਨੂੰ ਨੇ ਦੋਸਤ ਸੰਪਤ ਨਹਿਰਾ ਨਾਲ ਮਿਲ ਕੇ ਭਿਵਾਨੀ ਦੇ ਚਿੜੀਆਘਰ ਸਥਿਤ ਇੱਕ ਜਿਮਖਾਨੇ ਵਿੱਚ ਬੰਟੀ ਮਾਸਟਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ ਟੀਨੂੰ ਨੇ ਭਿਵਾਨੀ ਦੇ ਮਹਿਮ ਗੇਟ ਸਥਿਤ ਖਰੋਲੀਆ ਮੈਡੀਕਲ ਹਾਲ ਦੇ ਸੰਚਾਲਕ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਵੀ ਕੀਤੀ ਸੀ। ਟੀਨੂੰ ਦਾ ਨਾਂ ਪੰਜਾਬ ਦੇ ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਵਿੱਚ ਹੋਈ ਗੈਂਗਵਾਰ ਵਿੱਚ ਵੀ ਸਾਹਮਣੇ ਆਇਆ ਸੀ।
ਦੀਪਕ ਕੁਮਾਰ ਉਰਫ ਟੀਨੂੰ ਦੇ ਤਿੰਨ ਭਰਾ ਹਨ। ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ ਅਤੇ ਦੋ ਭਰਾ ਅਤੇ ਭਰਜਾਈ ਤੋਂ ਇਲਾਵਾ ਛੋਟੇ ਬੱਚੇ ਵੀ ਹਨ। ਪਿਛਲੇ ਸਾਲਾਂ ਦੌਰਾਨ ਦੀਪਕ ਉਰਫ ਟੀਨੂੰ ਦੀ ਸ਼ਹਿਰ ਵਿੱਚ ਵੀ ਕਈ ਜਾਇਦਾਦਾਂ ਦੱਸੀਆਂ ਜਾ ਰਹੀਆਂ ਹਨ। ਦੀਪਕ ਟੀਨੂੰ ਦਾ ਛੋਟਾ ਭਰਾ ਚਿਰਾਗ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ। ਇਸ ਤੋਂ ਇਲਾਵਾ ਗੈਂਗਸਟਰ ਟੀਨੂੰ ਦੇ ਨਾਂ ‘ਤੇ ਫੇਸਬੁੱਕ ‘ਤੇ ਕਈ ਅਕਾਊਂਟ ਐਕਟਿਵ ਹਨ ਤੇ ਪੁਲਿਸ ਹਿਰਾਸਤ ਵਿਚੋਂ ਟੀਨੂੰ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ, ਜਿਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: