ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਸਥਿਤ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਦੇ ਦੌਰੇ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਵਿੱਚ ਹਨ। ਮੰਤਰੀ ਨੇ ਇਸ ਨੂੰ ਲੈ ਕੇ ਹੁਣ ਆਪਣੀ ਸਫਾਈ ਦਿੱਤੀ ਹੈ।
ਮੰਤਰੀ ਨੇ ਕਿਹਾ ਕਿ ਮੈਂ ਕਿਸੇ ਡੇਰੇ ‘ਤੇ ਨਹੀਂ, ਸਗੋਂ ਮੇਰੇ ਹਲਕਾ ਵਾਸੀਆਂ ਦੇ ਕਹਿਣ ‘ਤੇ ਉਨ੍ਹਾਂ ਦੇ ਖੁਸ਼ੀ ਭਰੇ ਸਮਾਗਮ ‘ਚ ਕੁਝ ਪਲਾਂ ਦੀ ਹਾਜ਼ਰੀ ਲਵਾਉਣ ਗਿਆ ਸੀ। ਮੇਰੇ ਕੱਲ੍ਹ ਦੇ ਪ੍ਰੋਗਰਾਮ ਮੇਰੇ ਹਲਕੇ ਵਿੱਚ ਸਨ, ਉਨ੍ਹਾਂ ਵਿੱਚੋਂ ਇੱਕ ਪ੍ਰੋਗਰਾਮ ਇਹ ਵੀ ਸੀ, ਜਿਥੇ ਮੈਨੂੰ ਹਲਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਜਾਣਾ ਹੀ ਸੀ ਤੇ ਮੈਂ ਗਿਆ। ਮੇਰੇ ਲਈ ਹਲਕਾ ਵਾਸੀ ਸਦਾ ਸਿਰ ਮੱਥੇ ਨੇ, ਉਨ੍ਹਾਂ ਦੇ ਦੁੱਖ-ਸੁੱਖ ‘ਚ ਸ਼ਰੀਕ ਹੋਣਾ ਮੇਰਾ ਸਮਾਜਿਕ ਫਰਜ਼ ਹੈ।
ਮੰਤਰੀ ਨੇ ਕਿਹਾ ਕਿ ਪਰ ਕੁਝ ਸ਼ਰਾਰਤੀ ਅਨਸਰ ਤੇ ਮੀਡੀਆ ਵਾਲਿਆਂ ਨੇ ਇਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਕਾਨੂੰਨ ਵਿੱਚ ਵਿਸ਼ਵਾਸ ਰਖਦਾ ਹਾਂ, ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਕਾਨੂੰਨ ਮੁਤਾਬਕ ਜੋ ਦੋਸ਼ੀ ਹੋਇਆ, ਉਹ ਮੇਰੇ ਲਈ ਵੀ ਸਗੋਂ ਸਾਰੇ ਸਮਾਜ ਲਈ ਦੋਸ਼ੀ ਹੋਵੇਗਾ। ਸਾਡੇ ਗੁਰੂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦਾ ਦੁੱਖ ਸਾਡੇ ਸਾਰਿਆਂ ਲਈ ਅਸਹਿ ਸੀ ਤੇ ਸਦਾ ਰਹੇਗਾ। ਗੁਰੂ ਦਾ ਦੋਖੀ ਪੂਰੇ ਪੰਜਾਬ ਸਣੇ ਦੇਸ਼-ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਤੇ ਸਿੱਖ ਸਮਾਜ ਦਾ ਵੀ ਦੋਖੀ ਹੈ।
ਇਹ ਵੀ ਪੜ੍ਹੋ : ਗੈਂਗਸਟਰ ਟੀਨੂੰ ਨੂੰ ਭਜਾਉਣ ਵਾਲੇ SI ਦੀ ਮਸਤੀ ਦਾ ਵੀਡੀਓ, ਚੰਡੀਗੜ੍ਹ ਕਲੱਬ ‘ਚ ਸ਼ਰਾਬ ਪਾਰਟੀ
ਦੱਸ ਦੇਈਏ ਕਿ ਸ਼ਨੀਵਾਰ ਨੂੰ ਫੌਜਾ ਸਿੰਘ ਸਰਾਰੀ ਡੇਰਾ ਸਿਰਸਾ ਦੇ ਗੁਰੂ ਹਰਸਹਾਏ ਦੇ ‘ਨਾਮ ਚਰਚਾ ਘਰ’ ਪਹੁੰਚੇ। ਜਿੱਥੇ ਡੇਰੇ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਹੰਗਾਮਾ ਸ਼ੁਰੂ ਹੋ ਗਿਆ। ਇਸ ਫ਼ੇਰੀ ਦੀ ਪੁਸ਼ਟੀ ਡੇਰਾ ਕਮੇਟੀ ਦੇ ਇਕ ਮੈਂਬਰ ਨੇ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਉੱਥੋਂ ਲੰਘ ਰਹੇ ਸਨ ਤੇ ਫਿਰ ਇੱਧਰ ਆ ਗਏ।
ਵੀਡੀਓ ਲਈ ਕਲਿੱਕ ਕਰੋ -: