ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਾਸੀ ਨੇਗੀ 106 ਸਾਲ ਦੇ ਸਨ। ਸ਼ੁੱਕਰਵਾਰ ਦੇਰ ਰਾਤ ਲਗਭਗ 2 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਆਜ਼ਾਦੀ ਦੇ ਬਾਅਦ ਭਾਰਤ ਵਿਚ 1951-52 ਵਿਚ ਜਦੋਂ ਪਹਿਲੀਆਂ ਆਮ ਚੋਣਾਂ ਹੋਈਆਂ ਸਨ ਤਾਂ ਸ਼ਿਆਮ ਸਰਨ ਨੇਗੀ ਨੇ ਸਭ ਤੋਂ ਪਹਿਲਾਂ ਵੋਟ ਪਾਈ ਸੀ।
ਉਨ੍ਹਾਂ ਨੇ ਹਿਮਾਚਲ ਪ੍ਰਦੇਸ ਵਿਧਾਨ ਸਭਾ ਚੋਣਾਂ ਲਈ 2 ਨਵੰਬਰ ਨੂੰ ਆਪਣਾ ਡਾਕ ਵੋਟਰ ਪੱਤਰ ਰਾਹੀਂ ਵੋਟ ਪਾਇਆ ਸੀ। ਡੀਸੀ ਕਿਨੌਰ ਆਬਿਦ ਹੁਸੈਨ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਸਭ ਤੋਂ ਬਜ਼ੁਰਗ ਵੋਟਰ ਦੇ ਅੰਤਿਮ ਸਸਕਾਰ ਦੀ ਵਿਵਸਥਾ ਕਰ ਰਿਹਾ ਹੈ। ਉਨ੍ਹਾਂ ਨੂੰ ਸਨਮਾਨਪੂਰਵਕ ਵਿਦਾ ਕਰਨ ਦੀ ਪੂਰੀ ਵਿਵਸਥਾ ਕੀਤੀ ਜਾ ਰਹੀ ਹੈ। ਆਬਿਦ ਹੁਸੈਨ ਨੇ ਕਿਹਾ ਕਿ 2022 ਲਈ ਨੇਗੀ ਨੇ ਪੋਲਿੰਗ ਬੂਥ ‘ਤੇ ਵੋਟ ਪਾਉਣ ਦੀ ਇੱਛਾ ਪ੍ਰਗਟਾਈ ਸੀਪਰ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਦੇ ਘਰ ‘ਤੇ ਹੀ ਪੋਸਟਲ ਬੈਲਟ ਪੇਪਰ ਨਾਲ ਮਤਦਾਨ ਕਰਵਾਇਆ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਨੇਗੀ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸ਼ਿਆਮ ਸਰਨ ਨੇਗੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਅਹਿਮ ਕੜੀ ਦੱਸਿਆ। ਉਨ੍ਹਾਂ ਲਿਖਿਆ ਕਿ ਨੇਗੀ ਦਾ ਆਪਣੀ ਵੋਟ ਪਾਉਣ ਦਾ ਉਤਸ਼ਾਹ ਸਾਡੇ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਦਾ ਹੈ।
ਸ਼ਿਆਮ ਸ਼ਰਨ ਨੇਗੀ ਦਾ ਜਨਮ 1917 ਵਿੱਚ ਕਿਨੌਰ ਜ਼ਿਲ੍ਹੇ ਦੇ ਕਲਪਾ ਪਿੰਡ ਵਿੱਚ ਹੋਇਆ ਸੀ। 104 ਸਾਲਾ ਸ਼ਿਆਮ ਸ਼ਰਨ ਆਪਣੇ ਜੱਦੀ ਪਿੰਡ ਵਿੱਚ ਰਹਿੰਦੇ ਸਨ।1940 ਤੋਂ 1946 ਤੱਕ ਉਨ੍ਹਾਂ ਨੇ ਜੰਗਲਾਤ ਵਿਭਾਗ ਵਿੱਚ ਗਾਰਡ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਹ ਸਿੱਖਿਆ ਵਿਭਾਗ ਵਿੱਚ ਚਲੇ ਗਏ ਅਤੇ ਕਲਪਾ ਲੋਅਰ ਮਿਡਲ ਸਕੂਲ ਵਿੱਚ ਅਧਿਆਪਕ ਲੱਗ ਗਏ। ਦੇਸ਼ ਵਿੱਚ ਪਹਿਲੀਆਂ ਲੋਕ ਸਭਾ ਚੋਣਾਂ 1952 ਵਿੱਚ ਹੋਈਆਂ ਸਨ। ਪਰ ਕਿੰਨੌਰ ਵਿੱਚ ਭਾਰੀ ਬਰਫ਼ਬਾਰੀ ਕਾਰਨ 6 ਮਹੀਨੇ ਪਹਿਲਾਂ ਅਕਤੂਬਰ 1951 ਵਿੱਚ ਚੋਣਾਂ ਕਰਵਾਈਆਂ ਗਈਆਂ ਸਨ।
ਪਹਿਲੀ ਚੋਣ ਵੇਲੇ ਸ਼ਿਆਮ ਸ਼ਰਨ ਕਿਨੌਰ ਦੇ ਮੂਰੰਗ ਸਕੂਲ ਵਿੱਚ ਅਧਿਆਪਕ ਸਨ। ਉਨ੍ਹਾਂ ਦੀ ਡਿਊਟੀ ਚੋਣਾਂ ਕਰਵਾਉਣ ਦੀ ਸੀ, ਪਰ ਉਹ ਵੋਟ ਪਾਉਣ ਦਾ ਬਹੁਤ ਸ਼ੌਕੀਨ ਸਨ ਅਤੇ ਡਿਊਟੀ ਸ਼ੌਂਗਥੋਂਗ ਦੇ ਮੁਰੰਗ ਵਿਚ ਸੀ ਅਤੇ ਵੋਟ ਕਲਪਾ ਵਿਚ ਪਈ ਸੀ, ਇਸ ਲਈ ਉਨ੍ਹਾਂ ਨੇ ਸਵੇਰੇ ਹੀ ਵੋਟ ਪਾ ਦਿੱਤੀ ਅਤੇ ਡਿਊਟੀ ‘ਤੇ ਜਾਣ ਦੀ ਇਜਾਜ਼ਤ ਮੰਗੀ। ਉਹ ਸਵੇਰੇ ਹੀ ਆਪਣੇ ਪੋਲਿੰਗ ਸਥਾਨ ‘ਤੇ ਪਹੁੰਚ ਗਏ। ਪੋਲਿੰਗ ਪਾਰਟੀ 6:15 ‘ਤੇ ਪਹੁੰਚੀ।
ਨੇਗੀ ਨੇ ਜਲਦੀ ਵੋਟਿੰਗ ਕਰਨ ਦੀ ਅਪੀਲ ਕੀਤੀ। ਪੋਲਿੰਗ ਪਾਰਟੀ ਨੇ ਰਜਿਸਟਰ ਖੋਲ੍ਹ ਕੇ ਉਨ੍ਹਾਂ ਨੂੰ ਪਰਚੀ ਦਿੱਤੀ। ਵੋਟਿੰਗ ਹੁੰਦੇ ਹੀ ਇਤਿਹਾਸ ਰਚ ਗਿਆ ਅਤੇ ਸ਼ਿਆਮ ਸ਼ਰਨ ਨੇਗੀ ਆਜ਼ਾਦ ਭਾਰਤ ਦੇ ਪਹਿਲੇ ਵੋਟਰ ਬਣ ਗਏ।
ਵੀਡੀਓ ਲਈ ਕਲਿੱਕ ਕਰੋ -: