ਘਰਿੰਡਾ ਥਾਣਾ ਖੇਤਰ ਵਿਚ ਬੀਤੀ ਦੇਰ ਰਾਤ ਮੰਡੀ ਤੋਂ ਪਰਤ ਰਹੇ ਦੋ ਪੱਲੇਦਾਰਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸਾ ਵਿਚ ਵਰਨਾ ਕਾਰ ਚਾਲਕ ਵੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਜਖਮੀ 6 ਲੋਕਾਂ ਨੂੰ ਛੇਹਰਟਾ ਸਥਿਤ ਅਰੋੜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਕਾਰ ਚਾਲਕ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।
ਪੱਲੇਦਾਰ ਮੰਡੀ ਵਿਚ ਆਪਣਾ ਕੰਮ ਨਿਬੇੜਨ ਦੇ ਬਾਅਦ ਥ੍ਰੀ ਵ੍ਹੀਲਰ ਵਿਚ ਸਵਾਰ ਹੋ ਕੇ ਘਰ ਪਰਤ ਰਹੇ ਸਨ। ਇਸ ਦੌਰਾਨ ਰਸਤੇ ਵਿਚ ਇਕ ਤੇਜ਼ ਰਫਤਾਰ ਵਰਨਾ ਕਾਰ ਨੇ ਥ੍ਰੀ ਵ੍ਹੀਲਰ ਵਿਚ ਟੱਕਰ ਮਾਰ ਦਿੱਤੀ। ਕਾਰ ਦੀ ਤੇਜ਼ ਰਫਤਾਰ ਵਿਚ ਥ੍ਰੀ ਵ੍ਹੀਲਰ ਪਲਟ ਗਿਆ ਅਤੇ ਉਸ ‘ਚ ਸਵਾਰ ਸਾਰੇ ਲੋਕ ਜ਼ਖਮੀ ਹੋ ਗਏ। ਖਤਰਨਾਕ ਹਾਦਸੇ ਵਿਚ ਕਾਰ ਵੀ ਪਲਟ ਗਈ ਤੇ ਉਸ ਦਾ ਚਾਲਕ ਵੀ ਗੰਭੀਰ ਤੌਰ ‘ਤੇ ਜਖਮੀ ਹੋ ਗਿਆ।
ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਤੁਰੰਤ ਛੇਹਰਟਾ ਸਥਿਤ ਅਰੋੜਾ ਹਸਪਤਾਲ ਵਿਚ ਦਾਖਲ ਕਰਾਇਆ। ਇਸ ਦੌਰਾਨ ਰਸਤੇ ਵਿਚ ਹੀ ਦੋ ਜ਼ਖਮੀਆਂ ਨੇ ਦਮ ਤੋੜ ਦਿੱਤਾ। ਇਕ ਮ੍ਰਿਤਕ ਦੀ ਪਛਾਣ ਕਸ਼ਮੀਰ ਸਿੰਘ ਵਜੋਂ ਹੋਈ ਜਦੋਂ ਕਿ ਦੂਜੇ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਘਰਿੰਡਾ ਥਾਣਾ ਇੰਚਾਰਜ ਕਰਮਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਮ੍ਰਿਤਕ ਦਾ ਅਜੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਦੋਂ ਕਿ ਹਾਦਸੇ ਵਿਚ ਮਾਰੇ ਗਏ ਦੂਜੇ ਵਿਅਕਤੀ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਾਬੁਲ ਦੇ ਫੌਜੀ ਹਵਾਈ ਅੱਡੇ ‘ਤੇ ਧਮਾਕਾ: ਹਮਲੇ ‘ਚ 10 ਲੋਕਾਂ ਦੀ ਮੌਤ, 8 ਜ਼ਖਮੀ
ਉਨ੍ਹਾਂ ਦੱਸਿਆ ਕਿ ਕਾਰ ਚਾਲਕ ਨੂੰ ਵੀ ਅਰੋੜਾ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਥ੍ਰੀ ਵ੍ਹੀਲਰ ਵਿਚ ਸਵਾਰ ਦਾਣਾ ਮੰਡੀ ਵਿਚ ਪੱਲੇਦਾਰੀ ਦਾ ਕੰਮ ਕਰਦੇ ਹਨ ਤੇ ਸਰਹੱਦੀ ਪਿੰਡ ਨੇਸ਼ਠਾ ਦੇ ਰਹਿਣ ਵਾਲੇ ਹਨ।
ਵੀਡੀਓ ਲਈ ਕਲਿੱਕ ਕਰੋ -: