ਅਬੋਹਰ : ਪਿਛਲੇ ਦਿਨੀਂ ਪਿੰਡ ਬਜੀਤਪੁਰ ਭੋਮਾ ਵਿਚ ਨਹਿਰ ਵਿਚ ਨਹਾਉਂਦੇ ਸਮੇਂ ਤੇਜ਼ ਵਹਾਅ ਵਿਚ ਰੁੜ੍ਹ ਗਏ ਨੌਜਵਾਨ ਦੀ ਲਾਸ਼ ਐਤਵਾਰ ਦੁਪਹਿਰ ਨੂੰ ਪਿੰਡ ਧਰਮਪੁਰਾ ਤੋਂ ਲੰਘਦੀ ਮੁਲਕਪੁਰਾ ਮਾਈਨਰ ਤੋਂ ਮਿਲੀ। ਮੌਕੇ ‘ਤੇ ਪਹੁੰਚੀ ਬਹਾਵਲਵਾਲਾ ਥਾਣੇ ਦੀ ਪੁਲਿਸ ਨੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰਾਂ ਸੋਨੂੰ ਗਰੋਵਰ ਤੇ ਬਿੱਟੂ ਨਰੂਲਾ ਦੀ ਮਦਦ ਨਾਲ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿਚ ਪੋਸਟਮਾਰਟਮ ਲਈ ਰਖਵਾਇਆ ਹੈ। ਲਾਸ਼ ਮਿਲਣ ਦੇ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਰਿਵਾਰ ਵਾਲੇ ਨਹਿਰ ਵਿਚ ਤੇਜ਼ ਵਹਾਅ ਹੋਣ ਦੇ ਚੱਲਦੇ ਪਿਛਲੇ 6 ਦਿਨਾਂ ਤੋਂ ਉਸ ਦੀ ਭਾਲ ਕਰ ਰਹੇ ਸਨ ਕਿ ਅੱਜ ਉਨ੍ਹਾਂ ਨੂੰ ਲਾਸ਼ ਮਿਲੀ।

ਜਾਣਕਾਰੀ ਮੁਤਾਬਕ ਅੱਜ ਧਰਮਪੁਰਾ ਦੀ ਨਹਿਰ ਵਿਚ ਲਾਸ਼ ਮਿਲਣ ‘ਤੇ ਥਾਣਾ ਬਹਾਵਲਵਾਲਾ ਦੇ ਏਐੱਸਆਈ ਭੁਪਿੰਦਰ ਸਿੰਘ ਆਪਣੀ ਟੀਮ ਸਣੇ ਮੌਕੇ ‘ਤੇ ਪਹੁੰਚੇ ਤੇ ਲਾਸ਼ ਨੂੰ ਸੰਮਤੀ ਮੈਂਬਰਾਂ ਦੀ ਮਦਦ ਨਾਲ ਬਾਹਰ ਕਢਵਾਇਆ ਤੇ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਇਸ ਦੌਰਾਨ ਮੌਜੂਦ ਮ੍ਰਿਤਕ ਗੁਰਨੂਰ ਸਿੰਘ ਪੁੱਤਰ ਮੰਗਾ ਸਿੰਘ ਉਮਰ ਲਗਭਗ 19 ਸਾਲ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅੱਜ ਤੋਂ ਲਗਭਗ 6 ਦਿਨ ਪਹਿਲਾਂ ਸੋਮਵਾਰ ਨੂੰ ਉਹ ਲੋਕ ਖੇਤ ਵਿਚੋਂ ਤੂੜੀ ਟਰਾਲ਼ੀ ਨਾਲ ਭਰ ਰਹੇ ਸਨ ਕਿ ਗਰਮੀ ਵਧ ਹੋਣ ਕਾਰਨ ਗੁਰਨੂਰ ਤੇ ਕੁਝ ਹੋਰ ਨੌਜਵਾਨ ਪਿੰਡ ਦੇ ਨੇੜਿਓਂ ਲੰਘਦੀ ਮਲਕਪੁਰ ਨਹਿਰ ਵਿਚ ਨਹਾਉਣ ਚਲੇ ਗਏ ਪਰ ਵਹਾਅ ਤੇਜ਼ ਹੋਣ ਕਾਰਨ ਨਹਿਰ ਵਿਚ ਬੰਨ੍ਹੀ ਰੱਸੀ ਟੁੱਟਣ ਕਾਰਨ ਗੁਰਨੂਰ ਨਹਿਰ ਵਿਚ ਰੁੜ੍ਹ ਗਿਆ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਸੀ ਤੇ ਕਈ ਗੋਤਾਖੋਰ ਲਗਾਤਾਰ ਉਸ ਨੂੰ ਲੱਭ ਰਹੇ ਸਨ।







